ਪੰਜਾਬ ''ਚ ਸ਼ਰਾਬ ਦੀ ਨਾਜਾਇਜ਼ ਡਿਲੀਵਰੀ ''ਤੇ ਭੜਕੇ ਮਨੋਰੰਜਨ ਕਾਲੀਆ

05/21/2020 11:25:20 PM

ਜਲੰਧਰ, (ਖੁਰਾਣਾ)— ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਨੇ ਪੰਜਾਬ 'ਚ ਸ਼ਰਾਬ ਦੀ ਗ਼ੈਰਕਾਨੂੰਨੀ ਡਿਲੀਵਰੀ ਰਾਹੀਂ ਗ਼ੈਰਕਾਨੂੰਨੀ ਤੌਰ 'ਤੇ ਸ਼ਰਾਬ ਬਣਾ ਕੇ ਵੇਚੇ ਜਾਣ ਦੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ।
ਵੀਰਵਾਰ ਜਾਰੀ ਇਕ ਵੀਡੀਓ ਸੁਨੇਹੇ 'ਚ ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਫੜਕੇ ਸਹੁੰ ਖਾਦੀ ਸੀ ਕਿ ਉਹ ਸੱਤਾ 'ਚ ਆਉਂਦੇ ਹੀ ਨਸ਼ੇ ਦੀ ਲਾਹਨਤ ਨੂੰ 2 ਮਹੀਨਿਆਂ ਅੰਦਰ ਖਤਮ ਕਰ ਦੇਣਗੇ ਪਰ ਅੱਜ ਉਨ੍ਹਾਂ ਨੂੰ ਪੰਜਾਬ ਦੀ ਸੱਤਾ ਸੰਭਾਲੇ ਚੌਥਾ ਸਾਲ ਚਲ ਰਿਹਾ ਹੈ ਅਤੇ ਅਜਿਹੇ 'ਚ ਸੂਬੇ ਦਾ ਐਕਸਾਇਜ਼ ਐਂਡ ਟੈਕਸੇਸ਼ਨ ਵਿਭਾਗ ਵੀ ਮੁੱਖ ਮੰਤਰੀ ਕੋਲ ਹੈ, ਫਿਰ ਵੀ ਸੂਬੇ 'ਚ ਗ਼ੈਰਕਾਨੂੰਨੀ ਡਿਸਟਿਲਰੀਆਂ ਚੱਲਣਾ ਕਈ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕੇਵਲ ਐੱਸ. ਆਈ. ਟੀ. ਬਣਾ ਕਰ ਖਾਨਾਪੂਰਤੀ ਕਰ ਦਿੱਤੀ ਹੈ ਜਦੋਂ ਕਿ ਉਨ੍ਹਾਂ ਨੂੰ ਮੁਲਜ਼ਮ ਅਧਿਕਾਰੀਆਂ 'ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਤਿਆਰ ਕੀਤੀ ਐਕਸਾਇਜ਼ ਪਾਲਿਸੀ ਉੱਤੇ ਕੈਬਨਿਟ ਮੀਟਿੰਗ ਦੌਰਾਨ ਉਨ੍ਹਾਂ ਦੇ ਹੀ ਮੰਤਰੀਆਂ ਨੇ ਕਈ ਸਵਾਲ ਖੜ੍ਹੇ ਕੀਤੇ ਸਨ ਪਰ ਉਨ੍ਹਾਂ ਨੂੰ ਦੂਰ ਕੀਤੇ ਬਿਨ੍ਹਾਂ ਮੁੱਖ ਮੰਤਰੀ ਨੇ ਐਕਸਾਇਜ਼ ਪਾਲਿਸੀ ਨੂੰ ਲਾਗੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਸ਼ਰਾਬ ਠੇਕੇਦਾਰਾਂ ਨੂੰ 8 ਦਿਨਾਂ ਦਾ ਨੁਕਸਾਨ ਹੋਇਆ ਪਰ ਉਨ੍ਹਾਂ ਨੂੰ ਜ਼ਿਆਦਾ ਸਮਾਂ ਦੇ ਕੇ ਗ਼ੈਰਕਾਨੂੰਨੀ ਤੌਰ 'ਤੇ ਫਾਇਦਾ ਪਹੁੰਚਾਇਆ ਜਾ ਰਿਹਾ ਹੈ।


KamalJeet Singh

Content Editor

Related News