''ਅੱਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ'' ਕਿਤਾਬ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਲੋਂ ਲੋਕ ਅਰਪਣ
Wednesday, Oct 28, 2020 - 06:04 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ,ਪੁਨੀਤ ਮਾਨ ): ਚਾਰ ਸਾਲ ਪਹਿਲਾਂ 28 ਅਕਤੂਬਰ 2016 ਨੂੰ ਆਸਟਰੇਲੀਆ 'ਚ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਤੇ ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਹਰਮਨ ਪਿਆਰੇ ਨੌਜਵਾਨ ਸਵ: ਮਨਮੀਤ ਅਲੀਸ਼ੇਰ ਵਲੋਂ ਲਿਖੀਆਂ ਕਵਿਤਾਵਾਂ, ਗਜ਼ਲਾਂ ਤੇ ਮਿੰਨੀ ਕਹਾਣੀਆਂ ਦੀ ਕਿਤਾਬ 'ਅੱਧਵਾਟੇ ਸਫ਼ਰ ਦੀ ਸਿਰਜਣਾ...ਮਨਮੀਤ ਅਲੀਸ਼ੇਰ' ਅੱਜ ਲੋਕ ਅਰਪਣ ਕੀਤੀ ਗਈ। ਸੰਗਰੂਰ ਵਿਖੇ ਹੋਏ ਇਕ ਪ੍ਰਭਾਵਲਸ਼ਾਲੀ ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਲੇਖਕ ਸੁਰਜੀਤ ਪਾਤਰ, ਉੱਘੇ ਪੰਜਾਬੀ ਸੂਫ਼ੀ ਗਾਇਕ ਕਨਵਰ ਗਰੇਵਾਲ, ਨਾਮਵਰ ਪੰਜਾਬੀ ਗਾਇਕ ਹਰਫ਼ ਚੀਮਾ ਤੇ ਹੋਰਨਾਂ ਸਾਹਿਤਕ ਸਖਸ਼ੀਅਤਾਂ ਵਲੋਂ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਨਿਭਾਈ ਗਈ। ਅੱਜ ਭਾਰਤ ਤੋਂ ਇਲਾਵਾ ਆਸਟਰੇਲੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਇਟਲੀ ਵਰਗੇ ਦੇਸ਼ਾਂ 'ਚ ਹੋਏ ਵੱਖੋ-ਵੱਖ ਸਮਾਗਮਾਂ ਦੌਰਾਨ ਇਹ ਕਿਤਾਬ ਰਿਲੀਜ਼ ਕੀਤੀ ਗਈ।ਅੱਜ ਦੇ ਇਸ ਸਮਾਗਮ ਦੀ ਸ਼ੁਰੂਆਤ ਸਮਾਂ ਰੌਸ਼ਨ ਕਰਕੇ ਕੀਤੀ ਗਈ, ਜਿਸਦੀ ਰਸਮ ਮੁੱਖ ਮਹਿਮਾਨ ਸੁਰਜੀਤ ਪਾਤਰ, ਉੱਘੇ ਪੰਜਾਬੀ ਸੂਫੀ ਗਾਇਕ ਕਨਵਰ ਗਰੇਵਾਲ, ਮਾਸਟਰ ਰਾਮ ਸਰੂਪ ਅਲੀਸ਼ੇਰ, ਅਮਿਤ ਅਲੀਸ਼ੇਰ ਅਤੇ ਵਿਨਰਜੀਤ ਗੋਲਡੀ ਅਤੇ ਰਾਜ ਕੁਮਾਰ ਅਰੋੜਾ ਵਲੋਂ ਕੀਤੀ ਗਈ।
ਇਹ ਵੀ ਪੜ੍ਹੋ: ਫਾਜ਼ਿਲਕਾ: ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ, 2 ਸਕੂਲ ਕੀਤੇ ਗਏ ਬੰਦ
ਅੱਜ ਸੰਗਰੂਰ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਚੜ੍ਹਦੀ ਉਮਰੇ ਅੰਬਰੋਂ ਟੁੱਟੇ ਤਾਰੇ ਮਨਮੀਤ ਅਲੀਸ਼ੇਰ ਦੀਆਂ ਯਾਦਾਂ ਨੂੰ ਚਿਰਜੀਵ ਰੱਖਣ ਲਈ ਉਸਦੀਆਂ ਲਿਖ਼ਤਾਂ ਨੂੰ ਕਿਤਾਬ ਦੀ ਸ਼ਕਲ ਦਿੱਤੀ ਗਈ ਹੈ, ਉਹ ਮਨਮੀਤ ਦੇ ਚਾਹੁਣ ਵਾਲਿਆਂ ਤੇ ਪਰਿਵਾਰ ਵਿਚਾਲੇ ਉਸਦੀ ਕਮੀ ਨੂੰ ਲੈ ਕੇ ਪੈਦਾ ਹੋਏ ਖਲਾਅ ਨੂੰ ਪੂਰਨ ਦੀ ਇਕ ਸਫ਼ਲ ਕੋਸ਼ਿਸ਼ ਹੈ। ਪਾਤਰ ਨੇ ਕਿਹਾ ਕਿ ਮਨਮੀਤ ਦੇ ਦੁੱਖ, ਸੁੱਖ, ਖੁਸ਼ੀ, ਗਮੀ ਨੂੰ ਅੱਖਰਾਂ ਰਾਹੀਂ ਮਹਿਸੂਸ ਕੀਤਾ ਜਾਂਦਾ ਰਹੇਗਾ। ਪਾਤਰ ਨੇ ਮਨਮੀਤ ਨੂੰ ਯਾਦ ਕਰਦਿਆਂ ਕਿਹਾ ਕਿ ਮੈਂ ਬੇਸ਼ੱਕ ਉਸ ਨੂੰ ਜ਼ਿਆਦਾ ਤਾਂ ਨਹੀਂ ਮਿਲਿਆ, ਮੇਰੀ ਉਸ ਨਾਲ ਮੁਲਾਕਾਤ ਸਿਰਫ਼ ਕੁਝ ਕੁ ਪਲਾਂ ਦੀ ਸੀ ਪਰ ਉਸ 'ਚ ਇਹ ਹੁਨਰ ਸੀ ਕਿ ਉਸਦਾ ਚਿਹਰਾ ਅੱਜ ਵੀ ਉਨ੍ਹਾਂ ਦੇ ਚੇਤਿਆਂ 'ਚ ਹੈ। ਉਨ੍ਹਾਂ ਕਿਹਾ ਕਿ ਮਨਮੀਤ ਦੀਆਂ ਲਿਖ਼ਤਾਂ ਪੜ੍ਹ ਕੇ ਉਸ ਦੇ ਅੰਦਰਲੇ ਦਾ ਗਿਆਨ ਸਹਿਜੇ ਹੋ ਜਾਂਦਾ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦੁਕਾਨ 'ਚ ਅਚਾਨਕ ਲੱਗੀ ਅੱਗ ਕਾਰਨ ਧੂੰਏ 'ਚ ਦਮ ਘੁਟਣ ਨਾਲ ਨੌਜਵਾਨ ਦੀ ਮੌਤ
ਸੁਰਜੀਤ ਪਾਤਰ ਨੇ ਕਿਹਾ ਕਿ ਮਨਮੀਤ ਦਾ ਕਾਤਲ ਬੇਸ਼ੱਕ ਨਸਲਪ੍ਰਸਤੀ 'ਚ ਭਿੱਜਿਆ ਹੋਇਆ ਸੀ ਪਰ ਮਨਮੀਤ ਦੀਆਂ ਲਿਖਤਾਂ ਪੜ੍ਹ ਇਹ ਮਹਿਸੂਸ ਹੁੰਦਾ ਕਿ ਉਸ ਨੇ ਆਪਣੇ ਕਾਤਲ ਨੂੰ ਵੀ ਬਖਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਲੀਸ਼ੇਰ ਪਰਿਵਾਰ ਨੂੰ ਬੇਸ਼ੱਕ ਮਨਮੀਤ ਕਰਕੇ ਅਸਹਿ ਘਾਟਾ ਪਿਆ ਹੈ ਪਰ ਉਸ ਦੀਆਂ ਯਾਦਾਂ ਦੀ ਖੁਸ਼ਬੂ ਹਮੇਸ਼ਾ ਫਿਜ਼ਾ ਮਹਿਕਾਉਂਦੀ ਰਹੇਗੀ।ਇਸ ਉਪਰੰਤ ਪ੍ਰਸਿੱਧ ਸੂਫ਼ੀ ਗਾਇਕ ਕਨਵਰ ਗਰੇਵਾਲ ਨੇ ਕਿਹਾ ਕਿ ਮਨਮੀਤ ਨੇ ਆਸਟਰੇਲੀਆ ਵਿਖੇ ਬਿਤਾਏ ਇਕ ਦਿਨ ਦੀ ਯਾਦ ਨੂੰ ਉਹ ਅੱਜ ਤੱਕ ਨਹੀਂ ਭੁਲਾ ਸਕਿਆ। ਮਨਮੀਤ ਦੂਜਿਆਂ ਦਾ ਫ਼ਿਕਰ ਏਨਾ ਜ਼ਿਆਦਾ ਕਰਦਾ ਸੀ ਕਿ ਉਸ ਨੂੰ ਆਪਣੇ ਆਪ ਦੀ ਸੁੱਧ ਤੱਕ ਨਹੀਂ ਸੀ ਰਹਿੰਦੀ। ਉਨ੍ਹਾਂ ਕਿਹਾ ਕਿ ਜ਼ਿੰਦਗੀ ਅਤੇ ਮੌਤ ਦੋ ਸਕੀਆਂ ਭੈਣਾਂ ਹਨ, ਜਿਹੜਾ ਜਿਉਂਦਾ ਹੈ, ਉਸ ਨੇ ਮਰਨਾ ਵੀ ਹੈ ਪਰ ਮਨਮੀਤ ਵਰਗੇ ਨੌਜਵਾਨਾਂ ਮੌਤ ਤੋਂ ਬਾਅਦ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਵਸਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਤਾਬ ਉਸ ਦੇ ਚਾਹੁਣ ਵਾਲਿਆਂ ਨੂੰ ਉਸ ਦੀ ਨੇੜਤਾ ਦਾ ਅਹਿਸਾਸ ਕਰਵਾਉਂਦੀ ਰਹੇਗੀ।
ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ
ਕਨਵਰ ਗਰੇਵਾਲ ਨੇ ਮਨਮੀਤ ਅਲੀਸ਼ੇਰ ਵਲੋਂ ਲਿਖੇ ਗੀਤ 'ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਹਾਂ, ਟੌਰ ਨਾਲ ਜ਼ਿੰਦਗੀ ਜਿਉਣ ਜੋਗੇ ਹੋਗੇ ਆਂ।' ਗਾ ਕੇ ਸਰੋਤਿਆਂ ਨੂੰ ਮਨਮੀਤ ਦੀ ਸੋਚ ਦੇ ਨਾਲ ਜੋੜਿਆ। ਇਸ ਉਪਰੰਤ ਉਨ੍ਹਾਂ ਮਨਮੀਤ ਦੀ ਯਾਦ 'ਚ ਕੁਝ ਮਿੰਟ ਪ੍ਰਮਾਤਮਾ ਦਾ ਨਾਂਅ ਵੀ ਲਿਆ। ਇਸ ਸਮਾਗਮ 'ਚ ਮਸ਼ਹੂਰ ਪੰਜਾਬੀ ਗਾਇਕ ਹਰਫ਼ ਚੀਮਾ ਨੇ ਵੀ ਮਨਮੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਤਾਬ ਦੇ ਸੰਪਾਦਕਾਂ ਸਤਪਾਲ ਭੀਖੀ, ਡਾ: ਸੁਮੀਤ ਸ਼ੰਮੀ ਤੋਂ ਇਲਾਵਾ ਡਾ: ਨਰਵਿੰਦਰ ਕੌਸ਼ਲ, ਰਿਟਾ: ਡੀਨ ਕੁਰਕੂਸ਼ੇਤਰ ਯੂਨੀਵਰਸਿਟੀ, ਸਾਹਿਤਕਾਰ ਚਰਨਜੀਤ ਸਿੰਘ ਉਡਾਰੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਇੰਚਾਰਜ ਬਾਬੂ ਪ੍ਰਕਾਸ਼ ਚੰਦ ਗਰਗ ਨੇ ਵੀ ਮਨਮੀਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਉਪਰੰਤ ਅਲੀਸ਼ੇਰ ਪਰਿਵਾਰ ਦੇ ਨੇੜਲੇ ਮੈਂਬਰ ਤੇ ਪੀ.ਆਰ.ਟੀ.ਸੀ. ਦੇ ਸਾਬਕਾ ਉਪ ਚੇਅਰਮੈਨ ਵਿਨਰਜੀਤ ਗੋਲਡੀ ਨੇ ਵੀ ਨਮ ਅੱਖਾਂ ਨਾਲ ਮਨਮੀਤ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮਨਮੀਤ ਇੱਛਾਵਾਨ ਬਹੁਤ ਸੀ ਪਰ ਲਾਲਚੀ ਨਹੀਂ ਸੀ ਜਿਸ ਕਾਰਨ ਉਹ ਥੋੜ੍ਹੇ ਹੀ ਸਮੇਂ ਵਿੱਚ ਤਰੱਕੀ ਦੀਆਂ ਪੌੜੀਆਂ ਚੜ੍ਹਣ ਵਿੱਚ ਕਾਮਯਾਬ ਹੋ ਸਕਿਆ ਸੀ। ਮਨਮੀਤ ਦੀ ਯਾਦ ਵਿੱਚ ਆਸਟਰੇਲੀਆ ਦੇ ਸ਼ਹਿਰ ਵਿੱਚ ਇੱਕ ਪਾਰਕ ਦਾ ਨਾਂਅ ਮਨਮੀਤ ਦੇ ਨਾਂਅ ਤੇ ਰੱਖਿਆ ਹੋਇਆ ਹੈ। ਇਹ ਸਾਰਾ ਕੁਝ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਉਪਰੰਤ ਪੰਡਾਲ ਵਿਖੇ ਹਾਜ਼ਰੀਨ ਲੋਕਾਂ ਨੂੰ ਕਿਤਾਬ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਕਾਰਵਾਈ ਉਘੇ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਸਮਾਗਮ ਵਿੱਚ ਮਨਮੀਤ ਅਲੀਸ਼ੇਰ ਦੇ ਪਿਤਾ ਸ੍ਰੀ ਰਾਮਸਰੂਪ ਅਲੀਸ਼ੇਰ, ਮਨਮੀਤ ਦੇ ਵੱਡੇ ਭਰਾ ਅਮਿਤ ਅਲੀਸ਼ੇਰ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਤਾਲਮੇਲ ਸੁਸਾਇਟੀ ਦੇ ਪ੍ਰਧਾਨ ਸਵਾਮੀ ਰਾਵਿੰਦਰ ਗੁਪਤਾ, ਪੰਕਜ ਸੇਠੀ, ਸਰਵ ਪ੍ਰਿਆ ਅੱਤਰੀ ਆਦਿ ਨੇ ਹਾਜ਼ਰੀ ਲਗਵਾਈ।
ਇਹ ਵੀ ਪੜ੍ਹੋ: ਗ਼ਰੀਬਾਂ ਲਈ ਆਇਆ 'ਆਟਾ' ਹੋਇਆ ਖ਼ਰਾਬ, ਟਰਾਲੀਆਂ ਭਰ ਟੋਇਆਂ 'ਚ ਦੱਬਣ ਸਮੇਂ ਹੋਇਆ ਹੰਗਾਮਾ