ਕਪੂਰਥਲਾ ਤੋਂ ‘ਆਪ’ ਉਮੀਦਵਾਰ ਮੰਜੂ ਰਾਣਾ ਨੇ ਵੋਟਾਂ ਦੀ ਗਿਣਤੀ ’ਚ ਹੇਰਾਫੇਰੀ ਦੇ ਲਾਏ ਦੋਸ਼
Friday, Mar 11, 2022 - 05:16 PM (IST)
ਕਪੂਰਥਲਾ (ਮਹਾਜਨ, ਮੀਨੂੰ ਓਬਰਾਏ) : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਪੂਰਥਲਾ ਹਲਕੇ ਦੇ ਨਤੀਜੇ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੇ ਜੇਤੂ ਰਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਨੇ ਵੋਟ ਗਿਣਤੀ ਕੇਂਦਰ ਦੇ ਬਾਹਰ ਰਿਟਰਨਿੰਗ ਅਧਿਕਾਰੀ ਖ਼ਿਲਾਫ਼ ਦੋਸ਼ ਲਗਾਏ ਹਨ। ਮੰਜੂ ਰਾਣਾ ਨੇ ਵੋਟ ਗਿਣਤੀ ਕੇਂਦਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਿਧਾਇਕ ਦੇ ਨਾਲ ਕਥਿਤ ਤੌਰ ’ਤੇ ਮਿਲਿਆ ਹੋਇਆ ਹੈ। ਉਨ੍ਹਾਂ ਕਪੂਰਥਲਾ ਹਲਕੇ ਦੀ ਚੋਣ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਕਾਊਂਟਿੰਗ ਸੈਂਟਰ ਦੇ ਬਾਹਰ 'ਆਪ' ਉਮੀਦਵਾਰ ਮੰਜੂ ਰਾਣਾ ਨੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਤਿੱਖੀ ਬਹਿਸ ਕੀਤੀ ਤੇ ਉਨ੍ਹਾਂ ਦੀ ਜਿੱਤ ’ਤੇ ਸਵਾਲ ਕੀਤੇ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
ਮੰਜੂ ਰਾਣਾ ਨੇ ਕਿਹਾ ਕਿ ਇਕ ਬੂਥ ਦੀਆਂ ਵੋਟਾਂ ਦੀ ਗਿਣਤੀ ਵੇਲੇ ਵੱਧ ਪੋਲਿੰਗ ਨਾਲੋਂ ਵੱਧ ਵੋਟਾਂ ਨਿਕਲਣਾ ਹੇਰਾਫੇਰੀ ਦਰਸਾਉਂਦਾ ਹੈ। ਇਸੇ ਤਰ੍ਹਾਂ ਬਾਕੀ ਬੂਥਾਂ ਦੀ ਵੋਟਾਂ ਦੀ ਪੋਲਿੰਗ ਨਾਲੋਂ ਜ਼ਿਆਦਾ ਗਿਣਤੀ ਹੋਈ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਿਣਤੀ ਦੇ ਕੰਮ ’ਚ ਵੀ ਹੇਰਾਫੇਰੀ ਹੋਈ ਹੋ ਸਕਦੀ ਹੈ। ਇਸ ਸਬੰਧੀ ਉਨ੍ਹਾਂ ਚੋਣ ਕਮਿਸ਼ਨ ਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਜਦੋਂ ਵੋਟ ਗਿਣਤੀ ਕੇਂਦਰ ਦੇ ਬਾਹਰ ਮੰਜੂ ਰਾਣਾ ਤੇ ਰਾਣਾ ਗੁਰਜੀਤ ਸਿੰਘ ਦੀ ਆਪਸ ’ਚ ਤਿੱਖੀ ਬਹਿਸ ਹੋ ਰਹੀ ਸੀ ਤਾਂ ਰਾਣਾ ਗੁਰਜੀਤ ਨੇ ਮੰਜੂ ਰਾਣਾ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਪਰਿਵਾਰਕ ਮੈਂਬਰਾਂ ਤੇ ਵਰਕਰਾਂ ਨਾਲ ਮੌਕੇ ਤੋਂ ਚਲੇ ਗਏ। ਉੱਥੇ ਹੀ ਵੋਟ ਗਿਣਤੀ ਕੇਂਦਰ ਦੇ ਬਾਹਰ ਮੰਜੂ ਰਾਣਾ ਦੇ ਇਲੈਕਸ਼ਨ ਏਜੰਟ ਕਮਲਦੀਪ ਸਿੰਘ ਦੀ ਪੱਗ ਉਤਰ ਗਈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ
ਰੋਸ ਵਜੋਂ ਮੰਜੂ ਰਾਣਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਵੋਟ ਗਿਣਤੀ ਕੇਂਦਰ ਦੇ ਬਾਹਰ ਰੋਸ ਧਰਨਾ ਦਿੱਤਾ। ਮੰਜੂ ਰਾਣਾ ਨੇ ਕਿਹਾ ਕਿ ਵੋਟ ਗਿਣਤੀ ਕੇਂਦਰ ਦੇ ਅੰਦਰ ਜਾਣ ਨੂੰ ਲੈ ਕੇ ਮੌਕੇ ’ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਉਹ ਗਿਣਤੀ ਦੇ ਹੇਰਫੇਰ ਦੀ ਸ਼ਿਕਾਇਤ ਹਾਈ ਕੋਰਟ ‘ਚ ਕਰਨਗੇ।