ਸਿਰਸਾ ਦਾ ਕੌਮ ਦੀਆਂ ਜਾਇਦਾਦਾਂ ''ਤੇ ਕਬਜ਼ੇ ਦਾ ਮੈਚ ਫਿਕਸ : ਜੀ. ਕੇ.
Saturday, Feb 22, 2020 - 12:24 PM (IST)
ਜਲੰਧਰ/ਨਵੀਂ ਦਿੱਲੀ (ਚਾਵਲਾ) : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ ਦੇ ਮਾਲਕਾਨਾ ਹੱਕ 'ਤੇ ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਸਾਹਮਣੇ ਆਏ ਦਾਅਵੇ 'ਤੇ ਸਿਆਸਤ ਭੱਖ ਗਈ ਹੈ। ਵੀਰਵਾਰ ਨੂੰ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹਿੱਤ ਨੇ 500 ਕਰੋੜ ਰੁਪਏ ਦੀ ਕੀਮਤ ਦੇ ਸਕੂਲ ਨੂੰ ਆਪਣਾ ਦੱਸਿਆ ਸੀ। ਨਾਲ ਹੀ ਸਿਰਸਾ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਸਕੂਲ ਨੂੰ ਤਾਲੇ ਲਾ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਨ ਦਾ ਦੋਸ਼ ਵੀ ਲਾਇਆ ਸੀ। ਇਸ ਮਾਮਲੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ 'ਜਾਗੋ' ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਾਅਵਾ ਕੀਤਾ ਕਿ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇਸ ਮਾਮਲੇ 'ਤੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ।
ਸਿਰਸਾ ਖੁਦ ਚਾਹੁੰਦੇ ਹਨ ਕਿ ਸਕੂਲ ਹਿੱਤ ਨੂੰ ਮਿਲ ਜਾਵੇ ਪਰ ਗੱਲ ਮੇਰੇ 'ਤੇ ਵੀ ਨਾ ਆਵੇ। ਕਮੇਟੀ ਵਲੋਂ ਉਕਤ ਸਕੂਲ ਨੂੰ ਖੋਹਣ ਦਾ ਸਿਰਸਾ ਦਾ ਮੈਚ ਫਿਕਸ ਹੈ। ਉਨ੍ਹਾਂ ਕਿਹਾ ਕਿ ਸਿਰਸਾ ਦੀ ਨੀਅਤ ਕੌਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਨੂੰ ਖੁਰਦ-ਬੁਰਦ ਕਰਨ ਦੀ ਲੱਗਦੀ ਹੈ। ਜੀ. ਕੇ. ਨੇ ਕਿਹਾ ਕਿ ਸਿਰਸਾ ਦਾ ਧੰਦਾ ਸ਼ੁਰੂ ਤੋਂ ਜ਼ਮੀਨਾਂ 'ਤੇ ਕਬਜ਼ੇ ਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਕਮੇਟੀ 'ਚ ਆਉਣ ਦੇ ਬਾਅਦ ਤੋਂ ਹੀ ਸਿਰਸਾ ਨੇ ਆਪਣੀ ਅੱਖ ਕੌਮ ਦੀਆਂ ਜਾਇਦਾਦਾਂ 'ਤੇ ਰੱਖੀ ਹੋਈ ਹੈ। ਜੀ. ਕੇ. ਨੇ ਕਿਹਾ ਕਿ ਹਿੱਤ ਵਲੋਂ ਸਕੂਲ ਦੀ ਮਲਕੀਅਤ ਉੱਤੇ ਕੀਤੇ ਗਏ ਦਾਅਵੇ ਨਾਲ ਸਿਰਸਾ ਦੀ ਪੋਲ ਖੁੱਲ੍ਹ ਗਈ ਹੈ। ਸਿਰਸਾ ਦੀਆਂ ਹਰਕਤਾਂ ਸਿੱਧੇ ਤੌਰ ਉੱਤੇ ਸਕੂਲ ਉੱਤੇ ਪਹਿਲਾਂ ਹਿੱਤ ਅਤੇ ਫਿਰ ਬਾਅਦ ਵਿਚ ਆਪਣਾ ਕਬਜ਼ਾ ਕਰਵਾਉਣ ਦੀ ਨਜ਼ਰ ਆਉਂਦੀ ਹੈ।
ਜੀ. ਕੇ. ਨੇ ਸਵਾਲ ਪੁੱਛਿਆ ਕਿ ਜਦੋਂ ਸਕੂਲ ਦੇ ਪ੍ਰਿੰਸੀਪਲ ਸੁਖਦੀਪ ਸਿੰਘ ਨੇ ਕਮੇਟੀ ਨੂੰ ਲਲਕਾਰ ਕੇ ਜਵਾਬ ਦਿੱਤਾ ਸੀ ਕਿ ਸਕੂਲ ਬਾਰੇ ਪੁੱਛਣ ਦਾ ਕਮੇਟੀ ਨੂੰ ਅਧਿਕਾਰ ਨਹੀਂ ਹੈ, ਫਿਰ ਸਿਰਸਾ ਨੇ ਪ੍ਰਿੰਸੀਪਲ ਨੂੰ ਬਾਹਰ ਕੱਢਣ ਜਾਂ ਬਰਖਾਸਤ ਕਰਨ ਦੀ ਬਜਾਏ ਸੇਵਾ ਤੋਂ ਹਟਾਉਣ ਦਾ ਮੌਕਾ ਚੁਣਿਆ ਤਾਂ ਕਿ ਮਾਮਲਾ ਠੰਡਾ ਪੈਂਦੇ ਹੀ ਸੁਖਦੀਪ ਨੂੰ ਸੇਵਾਮੁਕਤ ਤੋਂ ਸੇਵਾਯੁਕਤ ਕੀਤਾ ਜਾ ਸਕੇ। ਸਕੂਲ ਦਾ ਚੇਅਰਪਰਸਨ ਸੁੱਖੋ ਖਾਲਸਾ ਪ੍ਰਾਇਮਰੀ ਐਜੂਕੇਸ਼ਨਲ ਸੋਸਾਇਟੀ ਦੀ ਮੈਂਬਰ ਅਤੇ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ ਨੂੰ ਬਣਾਉਣ ਦੀ ਬਜਾਏ ਆਪਣੇ ਖਾਸ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ ਨੂੰ ਕਿਉਂ ਬਣਾਇਆ? ਜੇਕਰ ਸਕੂਲ ਕਮੇਟੀ ਦਾ ਹੈ ਤਾਂ ਕਮਰਿਆਂ ਉੱਤੇ ਸਿਰਸਾ ਨੇ ਤਾਲੇ ਕਿਉਂ ਲਾਏ? ਸ਼ਾਇਦ ਇਸੇ ਗਲਤੀਆਂ ਦੇ ਸਹਾਰੇ ਸਕੂਲ ਸੋਸਾਇਟੀ ਦੇ ਚੇਅਰਮੈਨ ਹਿੱਤ ਨੂੰ ਅਦਾਲਤ ਤੋਂ ਕਬਜ਼ਾ ਲੈਣ ਦਾ ਮੌਕਾ ਉਪਲੱਬਧ ਕਰਵਾਇਆ ਜਾ ਸਕੇ।