ਜੀ. ਕੇ. ਨੇ ਦਿੱਲੀ ਕਮੇਟੀ ਦੇ ਤਿੰਨ ਮੈਂਬਰਾਂ ਦਾ ਲਾਈਵ ਡਿਟੈਕਟਰ ਟੈਸਟ ਮੰਗਿਆ
Saturday, Sep 28, 2019 - 01:36 PM (IST)
ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਮੇਟੀ ਦੇ 3 ਮੈਂਬਰਾਂ ਅਤੇ 1 ਕਰਮਚਾਰੀ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਤੀ ਹੈ। ਥਾਣਾ ਨੌਰਥ ਐਵੀਨਿਊ ਵਿਖੇ ਕੀਤੀ ਸ਼ਿਕਾਇਤ 'ਚ ਉਨ੍ਹਾਂ ਨੇ ਕਮੇਟੀ ਮੈਂਬਰਾਂ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ ਸਵੀਟਾ ਅਤੇ ਹਰਜੀਤ ਸਿੰਘ ਵਲੋਂ ਯੋਜਨਾਬੱਧ ਤਰੀਕੇ ਨਾਲ ਜੀ. ਕੇ. ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਤੱਥਹੀਣ ਦੋਸ਼ਾਂ ਦੇ ਅਧਾਰ 'ਤੇ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਦਾ ਦੋਸ਼ ਲਾਇਆ ਹੈ। ਦਰਅਸਲ, ਦਿੱਲੀ ਕਮੇਟੀ ਵਲੋਂ ਜੀ. ਕੇ. ਖਿਲਾਫ ਡੀ. ਸੀ. ਪੀ. ਨਵੀਂ ਦਿੱਲੀ ਨੂੰ ਬੀਤੀ ਦਿਨੀਂ ਸ਼ਿਕਾਇਤ ਦਿੱਤੀ ਗਈ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਜੀ. ਕੇ. ਨੇ ਕਮੇਟੀ ਪ੍ਰਧਾਨ ਰਹਿੰਦਿਆਂ ਹਰਜੀਤ ਸਿੰਘ ਨੂੰ 10 ਲੱਖ ਰੁਪਏ ਦਾ ਕਰਜ਼ਾ ਦੇਣ ਦੀ ਪ੍ਰਵਾਨਗੀ 'ਤੇ ਦਸਤਖਤ ਕੀਤੇ ਸਨ ਪਰ ਹਰਜੀਤ ਕਹਿ ਰਿਹਾ ਹੈ ਕਿ ਉਸ ਨੂੰ ਕਰਜ਼ੇ ਦੇ ਨਾਂ 'ਤੇ ਕੋਈ ਰਕਮ ਨਹੀਂ ਮਿਲੀ ਹੈ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਦੋਸ਼ ਲਾਉਣ ਵਾਲਿਆਂ ਦਾ ਲਾਈਵ ਡਿਟੈਕਟਰ ਟੈਸਟ ਕਰਵਾਇਆ ਜਾਏ। ਇਸ ਦੇ ਨਾਲ ਹੀ ਜੀ. ਕੇ. ਨੇ ਪੁਲਸ ਨੂੰ ਹਰਜੀਤ ਸਿੰਘ ਵਲੋਂ ਦਸਤਖਤ ਕੀਤੇ ਗਏ ਨਕਦੀ ਵਾਊਚਰ ਦੇ ਦਸਤਖਤ ਨੂੰ ਫੋਰੈਂਸਿਕ ਜਾਂਚ ਲਈ ਸੀ. ਐੱਫ. ਐੱਸ. ਐੱਲ. ਭੇਜਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਭ ਕੁਝ ਜਾਣਨ ਦੇ ਬਾਵਜੂਦ ਕਮੇਟੀ ਆਗੂ ਉਲਝਣ ਫੈਲਾਉਣ ਲਈ ਮੈਨੂੰ 10 ਲੱਖ ਰੁਪਏ ਨਕਦ ਦੇਣ ਦੇ ਝੂਠੇ ਦਾਅਵੇ ਕਰ ਰਹੇ ਹਨ ਅਤੇ ਜਦੋਂ ਤੋਂ ਮੈਂ 2 ਅਕਤੂਬਰ ਨੂੰ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਕਮੇਟੀ ਆਗੂ ਘਬਰਾਹਟ ਵਿਚ ਹਨ। ਉਨ੍ਹਾਂ ਨੇ ਦਿੱਲੀ ਕਮੇਟੀ ਮੈਂਬਰਾਂ ਵਲੋਂ ਲਾਏ ਦੋਸ਼ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਇਕ ਜਾਅਲੀ ਸਕ੍ਰਿਪਟ ਲਿਖ ਕੇ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਗਈ। ਜੀ. ਕੇ. ਨੇ ਦੋਸ਼ੀਆਂ ਖਿਲਾਫ ਪੁਲਸ ਨੂੰ ਧਾਰਾ 182, 211, 499, 500, 501, 503 ਅਤੇ 504 ਅਧੀਨ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।