ਦਿੱਲੀ ਗੁਰਦੁਆਰਾ ਕਮੇਟੀ ਨੇ ਲੱਭਿਆ ਜੀ. ਕੇ. ਦਾ ਇਕ ਹੋਰ ਘੋਟਾਲਾ, ਪੁਲਸ ਨੂੰ ਦਿੱਤੀ ਸ਼ਿਕਾਇਤ

09/27/2019 3:42:29 PM

ਨਵੀਂ ਦਿੱਲੀ/ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਖਾਤਿਆਂ ਦੀ ਆਡੀਟਿੰਗ ਦੌਰਾਨ ਇਕ ਹੋਰ ਘੋਟਾਲਾ ਸਾਹਮਣੇ ਆਉਣ 'ਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਥੇ ਜਾਰੀ ਕੀਤੇ ਇਕ ਬਿਆਨ 'ਚ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਹਰਜੀਤ ਸਿੰਘ ਪੱਪਾ ਤੇ ਰਮਿੰਦਰ ਸਿੰਘ ਸਵੀਟਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ 10 ਲੱਖ ਰੁਪਏ ਦਾ ਇਕ ਕੈਸ਼ ਵਾਊਚਰ ਹੈ, ਜਿਸ 'ਤੇ ਰਸੀਦ ਨੰਬਰ 5395 ਮਿਤੀ 19.08.2016 ਦਰਜ ਹੈ ਅਤੇ ਲਿਖਿਆ ਗਿਆ ਹੈ ਕਿ ਜੀ. ਟੀ. ਬੀ. ਆਈ. ਟੀ. ਨੂੰ ਨਗਦ ਕਰਜ਼ਾ ਦਿੱਤਾ ਗਿਆ। ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ (ਜੀ. ਟੀ. ਬੀ. ਆਈ. ਟੀ.) ਸੰਸਥਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਦਿੱਲੀ ਗੁਰਦੁਆਰਾ ਕਮੇਟੀ ਇਸ ਦੀ ਮਾਲਕ ਸੰਸਥਾ ਹੈ।

ਇਨ੍ਹਾਂ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਸਿੰਘ ਜੀ. ਕੇ. ਦੇ ਹਸਤਾਖਰ ਵਾਲੇ ਨੋਟ 'ਚ ਪਾਇਆ ਗਿਆ ਕਿ 10 ਲੱਖ ਰੁਪਏ ਨਗਦ ਹਰਜੀਤ ਸਿੰਘ ਜੀ. ਟੀ. ਬੀ. ਆਈ. ਟੀ., ਰਾਜੌਰੀ ਗਾਰਡਨ ਨੂੰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਇਸ ਦੇ ਵੇਰਵਿਆਂ ਬਾਰੇ ਹਰਜੀਤ ਸਿੰਘ ਅਕਾਊਂਟਸ ਵਿਭਾਗ ਜੀ. ਟੀ. ਬੀ. ਆਈ. ਟੀ. ਤੋਂ ਪੁੱਛਿਆ ਗਿਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ 10 ਲੱਖ ਰੁਪਏ ਦਾ ਕਰਜ਼ਾ ਕਦੇ ਵੀ ਹਰਜੀਤ ਸਿੰਘ ਨੇ ਲਿਆ ਹੀ ਨਹੀਂ ਅਤੇ ਨਾ ਹੀ ਇਹ ਰਾਸ਼ੀ ਪ੍ਰਾਪਤ ਕੀਤੀ। ਇਸ ਦੀ ਪੁਸ਼ਟੀ ਜੀ. ਟੀ. ਬੀ. ਆਈ. ਟੀ. ਦੇ ਖਾਤਿਆਂ ਦੀ ਪੜਤਾਲ ਤੋਂ ਵੀ ਹੋ ਗਈ। ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸਾਹਮਣੇ ਆ ਰਹੇ ਤੱਥਾਂ ਤੋਂ ਸਪੱਸ਼ਟ ਹੋਇਆ ਕਿ 10 ਲੱਖ ਰੁਪਏ ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤਿਆਂ 'ਚੋਂ ਕਢਵਾਏ ਗਏ ਅਤੇ ਜਾਅਲਸਾਜ਼ੀ ਕੀਤੀ ਗਈ, ਜੋ ਕਿ ਮਨਜੀਤ ਸਿੰਘ ਜੀ. ਕੇ. ਵੱਲੋਂ ਖੁਦ ਹੀ ਆਪਣੀ ਪ੍ਰਵਾਨਗੀ ਨਾਲ ਆਪਣੇ ਹੀ ਦਸਤਖਤ ਕਰ ਕੇ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜੀ. ਕੇ. ਖਿਲਾਫ ਧਾਰਾ 420, 463, 464, 468, 120 ਬੀ ਅਤੇ ਹੋਰ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਵੀ ਉਹੀ ਤਰੀਕਾ ਅਪਣਾਇਆ ਗਿਆ, ਜੋ ਕਿ ਮਨਜੀਤ ਸਿੰਘ ਜੀ. ਕੇ. ਵੱਲੋਂ ਇਕ ਲੱਖ ਕੈਨੇਡੀਅਨ ਡਾਲਰ ਕਢਵਾਉਣ ਵਾਸਤੇ ਵਰਤਿਆ ਗਿਆ ਸੀ। ਉਸ ਮਾਮਲੇ 'ਚ 51,05,773 ਰੁਪਏ ਗੁਰਦੁਆਰਾ ਫੰਡ ਵਿਚੋਂ ਕਢਵਾ ਕੇ ਬੈਂਕ ਵਿਚ ਜਮ੍ਹਾ ਕਰਵਾਏ ਦੱਸੇ ਗਏ ਪਰ ਇਹ ਰਾਸ਼ੀ ਕਦੇ ਵੀ ਬੈਂਕ ਵਿਚ ਜਮ੍ਹਾ ਨਹੀਂ ਹੋਈ। ਜਦੋਂ ਪੜਤਾਲ ਹੋਈ ਤਾਂ ਸਾਹਮਣੇ ਆਇਆ ਕਿ ਮਨਜੀਤ ਸਿੰਘ ਜੀ. ਕੇ. ਨੇ ਇਹ ਘੋਟਾਲਾ ਕੀਤਾ ਤੇ ਗੋਲਕ ਦਾ ਪੈਸਾ ਖਾ ਲਿਆ, ਜਿਸ ਕਾਰਣ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਹੋਈ ਸੀ। ਉਨ੍ਹਾਂ ਕਿਹਾ ਕਿ ਜਦੋਂ ਆਡਿਟ ਰਿਪੋਰਟ ਨੂੰ ਅੰਤਿਮ ਰੂਪ ਮਿਲੇਗਾ ਤਾਂ ਕਈ ਹੋਰ ਘੋਟਾਲੇ ਸਾਹਮਣੇ ਆਉਣਗੇ।


Anuradha

Content Editor

Related News