ਬਾਦਲਾਂ ਨਾਲ ਸਮਝੌਤੇ ਦੀ ਥਾਂ ''ਆਤਮਹੱਤਿਆ'' ਕਰ ਲਵਾਂਗਾ : ਜੀ. ਕੇ.

02/27/2020 10:11:39 PM

ਲੁਧਿਆਣਾ,(ਮੁੱਲਾਂਪੁਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦਿੱਲੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਜਾਣ ਦੀਆਂ ਗੱਲਾਂ ਦਾ ਖੰਡਨ ਕਰਦਿਆਂ ਵੱਡਾ ਬਿਆਨ ਦਿੱਤਾ ਗਿਆ ਹੈ। ਜੀ. ਕੇ. ਨੇ ਦੱਸਿਆ ਕਿ ਪੰਜਾਬ 'ਚ ਉਨ੍ਹਾਂ ਦੇ ਹਮਾਇਤੀਆਂ ਤੇ ਪੰਥ ਦਰਦੀ ਸੱਜਣਾਂ ਦੇ ਉਨ੍ਹਾਂ ਨੂੰ ਬਹੁਤ ਫੋਨ ਆਏ ਸਨ, ਜਿਨ੍ਹਾਂ ਪੁੱਛਿਆ ਕਿ ਕੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਮੁੜ ਵਾਪਸ ਜਾ ਰਹੇ ਹਨ? ਇਨ੍ਹਾਂ ਗੱਲਾਂ ਦਾ ਜਵਾਬ ਦਿੰਦਿਆਂ ਜੀ. ਕੇ. ਨੇ ਦੱਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਜਾਣ ਦੀ ਥਾਂ ਆਤਮਹੱਤਿਆਂ ਨੂੰ ਪਹਿਲ ਦੇਣਗੇ ਪਰ ਸ਼੍ਰੋਮਣੀ ਅਕਾਲੀ ਦਲ 'ਚ ਦੁਬਾਰਾ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਜੋ ਆਪਣਾ ਮੂੰਹ-ਮੁਹਾਂਦਰਾ ਬਣਾ ਕੇ ਚਿੱਟੇ ਦੇ ਨਸ਼ੇ ਦਾ ਟੈਗ ਲਗਾ ਲਿਆ ਹੈ, ਉਨ੍ਹਾਂ ਤੋਂ ਪਰ੍ਹੇ ਰਹਿਣ ਵਿਚ ਹੀ ਪੰਥਕ ਸੋਚ ਵਾਲੇ ਸੱਜਣ ਭਲਾ ਸੋਚਦੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਉਹ 2013 ਵਿਚ ਸੁਖਬੀਰ ਸਿੰਘ ਬਾਦਲ ਦੇ ਸੰਪਰਕ ਵਿਚ ਆਏ ਸਨ ਤਾਂ 14 ਸਾਲ ਤੋਂ ਕਾਬਜ਼ ਸਰਨਾ ਗਰੁੱਪ ਤੋਂ ਦਿੱਲੀ ਗੁਰਦੁਆਰਾ ਬੋਰਡ ਨੂੰ ਬਾਦਲ ਦੇ ਖੇਮੇ 'ਚ ਲੈ ਕੇ ਆਏ ਸਨ ਤੇ ਖੁਦ ਪ੍ਰਧਾਨ ਬਣੇ ਸਨ। 

ਉਨ੍ਹਾਂ ਕਿਹਾ ਕਿ ਜਦੋਂ 2017 ਵਿਚ ਬਰਗਾੜੀ ਕਾਂਡ, ਨਸ਼ੇ ਦਾ ਦੋਸ਼, ਸਿਰਸਾ ਸਾਧ ਨੂੰ ਮੁਆਫੀ ਦੇਣ 'ਤੇ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬ ਬੁਰੀ ਤਰ੍ਹਾਂ ਪਿਟ ਗਿਆ ਸੀ ਤਾਂ 2017 ਵਿਚ ਸਾਡੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ ਸਨ। ਜਿਸ ਦੌਰਾਨ ਮੈਂ ਉਨ੍ਹਾਂ ਦਿਨਾਂ ਵਿਚ ਬਾਦਲ ਦੀ ਫੋਟੋ ਨਹੀਂ ਲਾਈ, ਨਾ ਹੀ ਬਾਦਲਾਂ ਨੂੰ ਸੱਦਿਆ ਪਰ ਫਿਰ ਵੀ 36 ਸੀਟਾਂ ਲੈ ਕੇ ਮੁੜ ਦਿੱਲੀ ਵਿਚ ਪ੍ਰਧਾਨ ਬਣਿਆ ਸੀ, ਜਦਕਿ ਪੰਜਾਬ ਵਿਚ ਇਨ੍ਹਾਂ ਦਾ ਜੋ ਹਸ਼ਰ ਹੋਇਆ ਸੀ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਬਾਦਲ ਨੂੰ 2021 ਵਿਚ ਦਿੱਲੀ ਗੁਰਦੁਆਰਾ ਬੋਰਡ ਦੀਆਂ ਚੋਣਾਂ ਵਿਚ ਦਿੱਲੀ ਸਿੱਖ ਸੰਗਤ ਦੇ ਸਹਿਯੋਗ ਨਾਲ ਜਿੱਤ ਕੇ ਰਾਜਪੁਰੇ ਦੇ ਬਾਰਡਰ 'ਤੇ ਵਿਦਾਇਗੀ ਦੇਣ ਜ਼ਰੂਰ ਜਾਣਗੇ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਨਾਲ ਨਹੀਂ ਜਾਣਗੇ ਕਿਉਂਕਿ ਇਹ ਭਵਿੱਖ ਦਾ ਡੁੱਬਦਾ ਜਹਾਜ਼ ਹੈ।
 


Related News