ਇੰਦਰਾ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਕੇ ਕੇਜਰੀਵਾਲ ਦੀ ਪਤਨੀ ਨੇ ਸਿੱਖਾਂ ''ਤੇ ਜ਼ਖਮਾਂ ''ਤੇ ਲੂਣ ਛਿੜਕਿਆ : ਸਿਰਸਾ

07/26/2016 5:58:23 PM

ਨਵੀਂ ਦਿੱਲੀ/ਜਲੰਧਰ : ਸਿੱਖਾਂ ਦੇ ਸਭ ਤੋਂ ਸਤਿਕਾਰਤ ਧਾਰਮਿਕ ਅਸਥਾਨ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ-ਤੋਪਾਂ ਨਾਲ ਢਹਾਉਣ ਵਾਲੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕਰਵਾਉਣ ਵਾਲੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਸਿਫਤਾਂ ਦੇ ਪੁੱਲ ਬੰਨ੍ਹ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸਿੱਖਾਂ ਦੇ ਜ਼ਖਮਾਂ ''ਤੇ ਲੂਣ ਛਿੜਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਦੇ ਲਈ ਦੁਨੀਆ ਦਾ ਕੋਈ ਵੀ ਸੱਚਾ ਸਿੱਖ ਕੇਜਰੀਵਾਲ ਪਰਿਵਾਰ ਅਤੇ ਆਮ ਆਦਮੀ ਪਾਰਟੀ ਨੂੰ ਮੁਆਫ ਨਹੀਂ ਕਰ ਸਕਦਾ। ਇਹ ਵਿਚਾਰ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਰਾਜ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਗਟ ਕੀਤੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸ੍ਰੀਮਤੀ ਕੇਜਰੀਵਾਲ ਨੇ ਆਪਣੇ ਫੇਸਬੁੱਕ ਪੇਜ਼ ''ਤੇ 14 ਜੁਲਾਈ ਨੂੰ ਟਿੱਪਣੀ ਕੀਤੀ ਕਿ ਇੰਦਰਾ ਜੀ ਵੀ ਨਹਿਰੂ ਪਰਵਾਰ ਤੋਂ ਆਏ ਸਨ ਪਰ ਅੱਜ ਤੱਕ ਦੇਸ਼ ਨੂੰ ਇੰਦਰਾ ਜੀ ਤੋਂ ਬਿਹਤਰ ਪ੍ਰਧਾਨ ਮੰਤਰੀ ਨਹੀਂ ਮਿਲਿਆ। ਜੇਕਰ ਪਰਿਵਾਰਵਾਦ ਦਾ ਹਵਾਲਾ ਦਿੰਦੇ, ਤਾਂ ਅੱਜ ਤੱਕ ਹਿੰਦੋਸਤਾਨ ਨੂੰ ਇੰਦਰਾ ਜਿਹੀ ਪ੍ਰਧਾਨ ਮੰਤਰੀ ਨਾ ਮਿਲ ਪਾਉਂਦੀ। ਇਸ ''ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪਰਿਵਾਰਵਾਦ ਦੇ ਸਹਾਰੇ ਪੰਜਾਬ ਦੀ ਮੁੱਖ ਮੰਤਰੀ ਬਣਨ ਦੇ ਸੁਪਨੇ ਬੁਣ ਰਹੀ ਸ੍ਰੀਮਤੀ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਜਿਹੀ ਦੇਸ਼ਭਗਤ ਕੌਮ ਦੇ ਧਰਮ-ਅਸਥਾਨਾਂ ''ਤੇ ਟੈਂਕਾਂ-ਤੋਪਾਂ ਨਾਲ ਹਮਲੇ ਕਰਵਾਉਣ ਵਾਲੀ ਅਤੇ ਦੇਸ਼ ਵਿਚ ਐਮਰਜੈਂਸੀ ਲਾਗੂ ਕਰਕੇ ਹਰ ਭਾਰਤੀ ਦੇ ਲੋਕਤੰਤਰੀ ਹੱਕਾਂ ''ਤੇ ਡਾਕਾ ਮਾਰਨ ਵਾਲੀ ਪ੍ਰਧਾਨ ਮੰਤਰੀ ਹੀ ਉਨ੍ਹਾਂ ਦੀ ਆਦਰਸ਼ ਆਗੂ ਹੈ। 
ਉਨ੍ਹਾਂ ਕਿਹਾ ਕਿ ਇਸ ਟਿੱਪਣੀ ਨੇ ''ਆਪ'' ਦੀਆਂ ਦੋਗਲੀਆਂ ਨੀਤੀਆਂ ਨੂੰ ਵੀ ਜਗ-ਜ਼ਾਹਰ ਕਰ ਦਿੱਤਾ ਹੈ ਕਿਉਂਕਿ ਇਕ ਪਾਸੇ ਤਾਂ ਇਹ ਪਾਰਟੀ ਸਿੱਖਾਂ, ਖਾਸਕਰ 1984 ਕਤਲੇਆਮ ਦੇ ਪੀੜਤਾਂ ਦੀ ਹਮਦਰਦ ਬਣਨ ਦਾ ਨਾਟਕ ਕਰਦੀ ਹੈ ਅਤੇ ਦੂਜੇ ਪਾਸੇ ਇਹੀ ਪਾਰਟੀ ਆਪਰੇਸ਼ਨ ਬਲੂ ਸਟਾਰ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਾਉਣ ਅਤੇ ਦਰਬਾਰ ਸਾਹਿਬ ਕੰਪਲੈਕਸ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੀ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਦੀ ਹੈ। 
 

Babita Marhas

News Editor

Related News