ਗੋਲਕ ਦੀ ਦੁਰਵਰਤੋਂ ਦੇ ਦੋਸ਼ਾਂ ਕਾਰਣ ਜੀ. ਕੇ. ਦੀ ਮੈਂਬਰਸ਼ਿਪ ਖਾਰਿਜ

Saturday, Feb 15, 2020 - 01:23 AM (IST)

ਗੋਲਕ ਦੀ ਦੁਰਵਰਤੋਂ ਦੇ ਦੋਸ਼ਾਂ ਕਾਰਣ ਜੀ. ਕੇ. ਦੀ ਮੈਂਬਰਸ਼ਿਪ ਖਾਰਿਜ

ਜਲੰਧਰ,(ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਅੱਜ ਹੋਏ ਇਜਲਾਸ 'ਚ ਇਤਿਹਾਸਕ ਫੈਸਲਾ ਲੈਂਦਿਆਂ ਮੈਂਬਰਾਂ ਨੇ ਸਰਬਸੰਮਤੀ ਨਾਲ ਗੋਲਕ ਦੀ ਦੁਰਵਰਤੋਂ ਦੇ ਦੋਸ਼ਾਂ ਕਾਰਣ ਮਨਜੀਤ ਸਿੰਘ ਜੀ. ਕੇ. ਦੀ ਮੈਂਬਰਸ਼ਿਪ ਖਾਰਿਜ ਕਰਨ ਦਾ ਫੈਸਲਾ ਲਿਆ ਗਿਆ ਹੈ। ਮੀਟਿੰਗ ਮਗਰੋਂ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਜਨਰਲ ਹਾਊਸ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਜਿਸ ਵਿਚ ਪਿਛਲੇ ਇਜਲਾਸ ਵਿਚ ਮਨਜੀਤ ਸਿੰਘ ਜੀ. ਕੇ. ਵੱਲੋਂ ਕੀਤੀ ਗੋਲਕ ਦੀ ਦੁਰਵਰਤੋਂ ਦੇ ਮਾਮਲੇ ਬਾਰੇ ਜਾਣਕਾਰੀ ਦੇਣ ਦੀ ਕੀਤੀ ਹਦਾਇਤ ਅਨੁਸਾਰ ਜੀ. ਕੇ. ਸਮੇਤ ਸਮੁੱਚੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਮਨਜੀਤ ਸਿੰਘ ਜੀ. ਕੇ. ਨੇ ਕਰੋੜਾਂ ਰੁਪਏ ਗੋਲਕ ਵਿਚੋਂ ਗਬਨ ਕੀਤੇ ਹਨ। ਉਨ੍ਹਾਂ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਮਨਜੀਤ ਸਿੰਘ ਜੀ. ਕੇ. ਨੇ ਜਿਥੇ ਵੱਖ-ਵੱਖ ਸਮੇਂ 'ਤੇ 80 ਲੱਖ ਰੁਪਏ, 50 ਲੱਖ, 51 ਲੱਖ ਰੁਪਏ, 30 ਲੱਖ ਰੁਪਏ, 13 ਲੱਖ 65 ਹਜ਼ਾਰ ਰੁਪਏ, ਉਥੇ ਹੀ ਉਨ੍ਹਾਂ ਦੇ ਸਹੁਰਾ ਪਰਿਵਾਰ ਵੱਲੋਂ ਜੋ ਜਾਇਦਾਦ ਗੁਰਦੁਆਰਾ ਕਮੇਟੀ ਨੂੰ ਦਿੱਤੀ ਗਈ ਸੀ, ਉਸ ਵਿਚੋਂ ਵੀ ਅੱਧੀ ਆਪਣੇ ਨਾਂ ਕਰਵਾ ਲਈ।

ਉਨ੍ਹਾਂ ਨੇ ਦੱਸਿਆ ਕਿ ਮਨਜੀਤ ਸਿੰਘ ਜੀ. ਕੇ. ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਕੀਤੀ ਵਸੀਅਤ ਦੇ ਕਾਗਜ਼ ਇਥੋਂ ਗਾਇਬ ਕਰ ਲਏ ਅਤੇ ਅਦਾਲਤ ਵਿਚ ਇਹ ਦੱਸਿਆ ਕਿ ਪਰਿਵਾਰ ਅੱਧੀ ਜਾਇਦਾਦ ਵਾਪਸ ਲੈਣਾ ਚਾਹੁੰਦਾ ਹੈ, ਜਿਸ ਵਿਚੋਂ ਉਨ੍ਹਾਂ ਨੇ 100 ਕਰੋੜ ਰੁਪਏ ਵਿਚੋਂ ਅੱਧੀ ਯਾਨੀ 50 ਕਰੋੜ ਰੁਪਏ ਦੀ ਜਾਇਦਾਦ ਆਪਣੇ ਨਾਂ ਕਰਵਾ ਲਈ। ਉਨ੍ਹਾਂ ਨੇ ਜੀ. ਕੇ. 'ਤੇ ਦੋਸ਼ਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਿਟਿੰਗ ਪ੍ਰੈੱਸ ਵਾਸਤੇ ਦਿੱਤੇ ਗਏ 1 ਲੱਖ ਡਾਲਰ, ਮੁਲਾਜ਼ਮਾਂ ਦੀਆਂ ਵਰਦੀਆਂ ਵਾਸਤੇ ਇਕ ਪਰਿਵਾਰ ਵੱਲੋਂ ਦਿੱਤੇ 44 ਲੱਖ ਰੁਪਏ ਅਤੇ ਵਿਦੇਸ਼ਾਂ ਵਿਚ ਫੰਡ ਦੇਣ ਦੇ ਬਹਾਨੇ ਕਮੇਟੀ ਦੇ ਖਾਤੇ ਵਿਚੋਂ 1 ਲੱਖ ਡਾਲਰ ਵੀ ਜੀ. ਕੇ. ਨੇ ਗਾਇਬ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ 24 ਪੁਆਇੰਟਾਂ 'ਤੇ ਪੂਰੇ ਵਿਸਥਾਰ ਨਾਲ ਦੋ ਘੰਟੇ ਵਿਚਾਰ-ਵਟਾਂਦਰਾ ਹੋਇਆ ਤੇ ਸੱਤਾਧਾਰੀ ਧਿਰ ਦੇ ਨਾਲ ਅਤੇ ਵਿਰੋਧੀ ਧਿਰ ਦੇ ਮੈਂਬਰ ਕਰਤਾਰ ਸਿੰਘ ਵਿੱਕੀ, ਬਲਦੇਵ ਸਿੰਘ ਰਾਣੀ ਬਾਗ, ਕੁਲਤਾਰਣ ਸਿੰਘ, ਤਲਵਿੰਦਰ ਸਿੰਘ ਮਰਵਾਹ ਨੇ ਵੀ ਸਹਿਮਤੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਨੂੰ ਗੋਲਕ ਦੁਰਵਰਤੋਂ ਦੇ ਦੋਸ਼ਾਂ ਵਿਚ ਮੈਂਬਰਸ਼ਿਪ ਤੋਂ ਖਾਰਿਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਇਜਲਾਸ ਦੌਰਾਨ ਮਨਜੀਤ ਸਿੰਘ ਜੀ. ਕੇ. ਦੇ ਭਰਾ ਹਰਜੀਤ ਸਿੰਘ ਆਏ ਸਨ ਅਤੇ ਮੈਂਬਰਾਂ ਨੇ ਕਿਹਾ ਕਿ ਜਨਰਲ ਹਾਊਸ ਇੰਤਜ਼ਾਰ ਕਰਨ ਲਈ ਤਿਆਰ ਹੈ, ਤੁਸੀਂ ਮਨਜੀਤ ਸਿੰਘ ਜੀ. ਕੇ. ਨੂੰ ਬੁਲਾ ਲਓ, ਅਸੀਂ ਪੱਖ ਸੁਣਨ ਲਈ ਤਿਆਰ ਹਾਂ ਪਰ ਮੈਂਬਰਾਂ ਦੇ ਸਵਾਲ ਸੁਣ ਕੇ ਜਵਾਬ ਦੇਣ ਦੀ ਥਾਂ ਉਹ ਵਿਚੋਂ ਹੀ ਉਠ ਕੇ ਚਲੇ ਗਏ। ਦਿੱਲੀ ਕਮੇਟੀ ਦੇ ਪ੍ਰਧਾਨ ਸਿਰਸਾ ਨੇ ਦੱਸਿਆ ਕਿ ਜਨਰਲ ਹਾਊਸ ਨੇ ਜੀ. ਕੇ. ਨੂੰ ਇਕ ਮਹੀਨੇ ਦੀ ਮੋਹਲਤ ਦਿੱਤੀ ਹੈ ਕਿ ਉਹ ਕਮੇਟੀ ਦੀ ਜਾਇਦਾਦ ਵਾਪਸ ਕਮੇਟੀ ਦੇ ਨਾਂ ਕਰਵਾ ਦੇਣ ਅਤੇ ਗੋਲਕ ਦਾ ਪੈਸਾ ਵਾਪਸ ਜਮ੍ਹਾ ਕਰਵਾ ਦੇਣ। ਜੇਕਰ ਉਹ ਅਜਿਹਾ ਨਾ ਕਰੇ ਤਾਂ ਫਿਰ ਕਮੇਟੀ ਅਦਾਲਤ ਕੋਲ ਪਹੁੰਚ ਕਰ ਕੇ ਉਨ੍ਹਾਂ ਦੀ ਜਾਇਦਾਦ ਕੁਰਕ ਕਰ ਕੇ ਗੁਰਦੁਆਰਾ ਕਮੇਟੀ ਦੇ ਪੈਸੇ ਵਸੂਲਣ ਲਈ ਬੇਨਤੀ ਕਰੇਗੀ।


Related News