ਅਫਸਰ ਬਣਨ ਦੀ ਚਾਹਤ ਮਨ ’ਚ ਲੈ ਕੇ ਹੀ ਸ਼ਹੀਦ ਹੋ ਗਿਆ ਮਨਿੰਦਰ ਸਿੰਘ ਅਤਰੀ
Saturday, Feb 16, 2019 - 01:34 AM (IST)
ਗੁਰਦਾਸਪੁਰ/ਦੀਨਾਨਗਰ, (ਹਰਮਨਪ੍ਰੀਤ, ਕਪੂਰ)-ਅੱਤਵਾਦੀਆਂ ਵੱਲੋਂ ਕੀਤੇ ਹਮਲੇ ਕਾਰਨ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਹੋਈ ਸ਼ਹਾਦਤ ਤੋਂ ਬਾਅਦ ਜਿੱਥੇ ਸਮੁੱਚਾ ਦੇਸ਼ ਗਹਿਰੇ ਦੁੱਖ ’ਚ ਡੁੱਬ ਗਿਆ ਹੈ, ਉਥੇ ਗੁਰਦਾਸਪੁਰ ਨਾਲ ਸਬੰਧਿਤ ਦੀਨਾਨਗਰ ਦੇ ਸੂਰਵੀਰ ਜਵਾਨ ਮਨਿੰਦਰ ਸਿੰਘ ਅਤਰੀ ਵੱਲੋਂ 31 ਸਾਲਾਂ ਦੀ ਭਰ ਜਵਾਨੀ ’ਚ ਪੀਤੇ ਗਏ ਸ਼ਹਾਦਤ ਦੇ ਜਾਮ ਕਾਰਨ ਇਹ ਸਮੁੱਚਾ ਜ਼ਿਲਾ ਡੂੰਘੇ ਸੋਗ ’ਚ ਡੁੱਬ ਗਿਆ ਹੈ। ਮਨਿੰਦਰ ਸਿੰਘ ਨਾ ਸਿਰਫ ਬਹਾਦਰ ਸੂਰਮਾ ਸੀ, ਸਗੋਂ ਉਹ ਪੜ੍ਹਾਈ ’ਚ ਅੱਵਲ ਰਹਿਣ ਵਾਲਾ ਅਜਿਹਾ ਹੋਣਹਾਰ ਵਿਦਿਆਰਥੀ ਵੀ ਸੀ, ਜੋ ਬੀ. ਟੈੱਕ. ਦੀ ਪੜ੍ਹਾਈ ਕਰਨ ਤੋਂ ਬਾਅਦ ਇਕ ਵਰਦੀਧਾਰੀ ਵੱਡਾ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਚਾਹਤ ਰੱਖਦਾ ਸੀ।
ਮਨਿੰਦਰ ਸਿੰਘ ਦੀ ਲਿਆਕਤ ਤੇ ਅਫਸਰ ਬਣਨ ਦੀ ਇੱਛਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸ ਨੇ ਨੌਕਰੀ ਮਿਲਣ ਤੋਂ ਬਾਅਦ ਵੀ ਅਜੇ ਤੱਕ ਇਸ ਕਰ ਕੇ ਵਿਆਹ ਨਹੀਂ ਕਰਵਾਇਆ ਸੀ ਕਿ ਉਹ ਹੋਰ ਮਿਹਨਤ ਕਰ ਕੇ ਵੱਡਾ ਅਫਸਰ ਬਣ ਸਕੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਿਸ ਕਾਰਨ ਉਹ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਤੇ ਦੇਸ਼ ਦੀ ਸੇਵਾ ਕਰਨ ਤੋਂ ਪਹਿਲਾਂ ਹੀ ਸਦਾ ਦੀ ਨੀਂਦ ਸੌਂ ਗਿਆ।
ਛੁੱਟੀ ਕੱਟ ਕੇ ਰਵਾਨਾ ਹੋਇਆ ਸੀ ਸ਼੍ਰੀਨਗਰ
ਮਨਿੰਦਰ ਸ਼ਹੀਦ ਹੋਣ ਤੋਂ ਇਕ ਦਿਨ ਪਹਿਲਾਂ ਹੀ ਸ਼ਾਮ ਨੂੰ ਸਾਢੇ 5 ਵਜੇ ਛੁੱਟੀ ਕੱਟ ਕੇ ਆਪਣੇ ਸ਼ਹਿਰ ਦੀਨਾਨਗਰ ਤੋਂ ਬੱਸ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਹੋਇਆ ਸੀ, ਜਿਸ ਦੇ ਘਰੋਂ ਰਵਾਨਾ ਹੋਣ ਦੇ ਕਰੀਬ 6 ਘੰਟਿਆਂ ਬਾਅਦ ਹੀ ਉਸ ਨਾਲ ਵਾਪਰੀ ਇਸ ਅਣਹੋਣੀ ਦੀ ਖਬਰ ਉਸ ਦੇ ਪਿਤਾ ਨੂੰ ਮਿਲ ਗਈ। ਅੱਜ ਸਾਰਾ ਦਿਨ ਉਸ ਦਾ ਪਿਤਾ ਤੇ ਭੈਣਾਂ ਵਿਰਲਾਪ ਕਰਦਿਆਂ ਇਹੀ ਕਹਿੰਦੇ ਰਹੇ ਕਿ ਕੁਝ ਘੰਟੇ ਪਹਿਲਾਂ ਹੱਸਦਾ-ਖੇਡਦਾ ਗਿਆ ਮਨਿੰਦਰ ਅੱਜ ਕਿੱਥੇ ਚਲਾ ਗਿਆ। ਮਨਿੰਦਰ ਨੇ ਸੀ. ਆਰ. ਪੀ. ਐੱਫ. ਰਾਹੀਂ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਸੀ. ਬੀ. ਆਈ. ਵਰਗੇ ਅਦਾਰੇ ’ਚ ਵੀ ਨੌਕਰੀ ਲਈ ਕੋਸ਼ਿਸ਼ਾਂ ਜਾਰੀ ਰੱਖੀਅਾਂ ਹੋਈਆਂ ਸਨ, ਜਿਸ ਤਹਿਤ ਉਸ ਵੱਲੋਂ ਸੀ. ਬੀ. ਆਈ. ’ਚ ਅਪਲਾਈ ਕੀਤੇ ਜਾਣ ਤੋਂ ਬਾਅਦ ਹੁਣ ਇਸ ਅਦਾਰੇ ’ਚ ਭਰਤੀ ਲਈ ਵੀ ਪ੍ਰਕਿਰਿਅਾ ਸ਼ੁਰੂ ਹੋ ਚੁੱਕੀ ਸੀ।
ਪਰਿਵਾਰ ਦਾ ਲਾਡਲਾ ਸੀ ਮਨਿੰਦਰ
31 ਸਾਲਾਂ ਦੀ ਭਰ ਜਵਾਨੀ ’ਚ ਸ਼ਹੀਦ ਮਨਿੰਦਰ ਸਿੰਘ ਅਾਰੀਅਾ ਨਗਰ ਦੀਨਾਨਗਰ ਦਾ ਵਸਨੀਕ ਸੀ, ਜਿਸ ਦੇ ਪਿਤਾ ਸਤਪਾਲ ਅੱਤਰੀ ਕੁਝ ਸਮਾਂ ਪਹਿਲਾਂ ਹੀ ਪੰਜਾਬ ਰੋਡਵੇਜ਼ ’ਚੋਂ ਬਤੌਰ ਟ੍ਰੈਫਿਕ ਮੈਨੇਜਰ ਸੇਵਾ ਮੁਕਤ ਹੋਏ ਹਨ ਤੇ ਉਨ੍ਹਾਂ ਦੀ ਮਾਤਾ ਰਾਜ ਕੁਮਾਰੀ 2010 ਦੌਰਾਨ ਸਦੀਵੀਂ ਵਿਛੋਡ਼ਾ ਦੇ ਗਈ ਸੀ। ਮਾਤਾ ਦੀ ਮੌਤ ਤੋਂ ਬਾਅਦ ਮਨਿੰਦਰ ਦਾ ਆਪਣੇ ਪਿਤਾ ਨਾਲ ਡੂੰਘਾ ਲਗਾਅ ਸੀ। ਇਸਦੇ ਨਾਲ ਹੀ ਮਨਿੰਦਰ ਦੀਆਂ ਤਿੰਨੇ ਭੈਣਾਂ ਵੀ ਉਸ ਨੂੰ ਜਾਨ ਤੋਂ ਵੱਧ ਪਿਆਰ ਕਰਦੀਆਂ ਸਨ। ਮਨਿੰਦਰ ਦਾ ਛੋਟਾ ਭਰਾ ਵੀ ਅਾਸਾਮ ’ਚ ਸੀ.ਆਰ.ਪੀ.ਐੱਫ. ’ਚ ਤਾਇਨਾਤ ਹੈ। ਜੋ ਅਜੇ ਭਰਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਨਹੀਂ ਪਹੁੰਚ ਸਕਿਆ।
ਕੁਝ ਮਹੀਨਿਆਂ ’ਚ ਹੀ ਪੀ ਗਿਆ ਸ਼ਹਾਦਤ ਦਾ ਜਾਮ
ਪਡ਼੍ਹਾਈ ਮੁਕੰਮਲ ਕਰਨ ਦੇ ਬਾਅਦ ਮਨਿੰਦਰ ਅਜੇ ਪਿਛਲੇ ਸਾਲ ਹੀ ਸੀ.ਆਰ.ਪੀ.ਐੱਫ. ਦੀ 75 ਬਟਾਲੀਅਨ ’ਚ ਭਰਤੀ ਹੋਇਆ ਸੀ। ਜਿਸਨੇ ਕੁਝ ਮਹੀਨਿਆਂ ਦੀ ਸੇਵਾ ਦੌਰਾਨ ਹੀ ਦੇਸ਼ ਦੀ ਸੇਵਾ ਕਰਦਿਆਂ ਸ਼ਹਾਦਤ ਨੂੰ ਗਲੇ ਲਾ ਲਿਆ ਹੈ। ਉਸਦੀ ਸ਼ਹਾਦਤ ’ਤੇ ਡੂੰਘੇ ਦੁੱਖ ’ਚ ਡੁੱਬੇ ਉਸਦੇ ਪਿਤਾ ਅਤੇ ਭੈਣਾਂ ਦਾ ਵਿਰਲਾਪ ਦੇਖਣਾ ਤੇ ਸਹਿਣ ਕਰਨਾ ਭਾਵੇਂ ਅਸੰਭਵ ਜਾਪਦਾ ਹੈ ਪਰ ਇਹ ਪਰਿਵਾਰ ਅੱਜ ਵੀ ਬੁਲੰਦ ਹੌਸਲੇ ਨਾਲ ਕੇਂਦਰ ਸਰਕਾਰ ਕੋਲੋਂ ਆਪਣੇ ਪੁੱਤ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਮੰਗ ਕਰ ਰਿਹਾ ਹੈ। ਉਸਦੇ ਪਿਤਾ ਨੇ ਕਿਹਾ ਕਿ ਕੱਲ ਤੱਕ ਸਭ ਕੁਝ ਠੀਕ ਸੀ ਪਰ ਹੁਣ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਸਭ ਕਿਉਂ ਤੇ ਕਿਵੇਂ ਹੋ ਗਿਆ।