ਮੰਨਾ ਨੇ ਸਿੱਧੂ ਨੂੰ ਲਲਕਾਰਿਆ, ਗੈਰ-ਕਾਨੂੰਨੀ ਨਿਰਮਾਣ ਬੰਦ ਕਰਾਉਣ ਦੀ ਦਿੱਤੀ ਸਲਾਹ
Wednesday, Oct 31, 2018 - 05:08 PM (IST)

ਅੰਮ੍ਰਿਤਸਰ(ਗੁਰਪ੍ਰੀਤ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਅੰਮ੍ਰਿਤਸਰ ਸ਼ਹਿਰ ਵਿਚ ਚੱਲ ਰਹੇ ਗੈਰ-ਕਾਨੂੰਨੀ ਨਿਰਮਾਣ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਗਾਏ ਕਿ ਜੇਕਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਥਿਤ ਭ੍ਰਿਸ਼ਟਾਚਾਰੀ ਨੀਤੀਆਂ ਅਪਣਾ ਕੇ ਸ਼ੁਰੂ ਕਰਵਾਏ ਗੈਰ-ਕਾਨੂੰਨੀ ਨਿਰਮਾਣ ਬੰਦ ਨਾ ਕਰਵਾਏ ਤਾਂ ਉਹ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਸਿੱਧੂ ਵਿਰੁੱਧ ਅਣਮਿੱਥੇ ਸਮੇਂ ਲਈ ਮੋਰਚਾ ਸ਼ੁਰੂ ਕਰ ਦੇਣਗੇ, ਜਿਸ ਨਾਲ ਨਿਕਲਣ ਵਾਲੇ ਨਤੀਜਿਆਂ ਲਈ ਸਿੱਧੂ ਪਰਿਵਾਰ ਅਤੇ ਸਥਾਨਕ ਬਾਡੀ ਡਿਪਾਰਟਮੈਂਟ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ।
ਮੰਨਾ ਨੇ ਕਿਹਾ ਕਿ ਗੈਰ-ਕਾਨੂੰਨੀ ਨਿਰਮਾਣ ਵਿਰੁੱਧ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਮੁੱਖ ਦਫਤਰ ਬਾਹਰ ਟਰੱਸਟ ਦੀ ਚੇਅਰਪਰਸਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਮੌਕੇ 'ਤੇ ਪ੍ਰਦਰਸ਼ਨ 'ਚ ਪਹੁੰਚੀ ਟਰੱਸਟ ਦੀ ਚੇਅਰਪਰਸਨ ਰਣਜੀਤ ਕੌਰ ਨੂੰ ਮੰਨਾ ਨੇ ਸ਼ਹਿਰ 'ਚ ਚੱਲ ਰਹੇ ਗੈਰ-ਕਾਨੂੰਨੀ ਨਿਰਮਾਣਾਂ ਨੂੰ ਬੰਦ ਕਰਵਾਉਣ ਲਈ ਮੰਗ-ਪੱਤਰ ਸੌਂਪਿਆ। ਮੰਨਾ ਨੇ ਇਸ ਦੌਰਾਨ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਅੱਜ ਦੇ ਪ੍ਰਦਰਸ਼ਨ ਨੂੰ ਬੰਦ ਕਰਵਾਉਣ ਲਈ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੁਲਸ ਜ਼ਰੀਏ ਉਨ੍ਹਾਂ ਨੂੰ ਪ੍ਰਦਰਸ਼ਨ ਨਾ ਕਰਨ ਲਈ ਇਕ ਪੱਤਰ ਭੇਜਿਆ ਸੀ ਤਾਂ ਕਿ ਸਿੱਧੂ ਪਰਿਵਾਰ ਵਲੋਂ ਫੈਲਾਏ ਗਏ ਭ੍ਰਿਸ਼ਟਾਚਾਰ ਦਾ ਦੁਨੀਆ ਸਾਹਮਣੇ ਖੁਲਾਸਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਪੁਲਸ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਹ ਇਸੇ ਤਰ੍ਹਾਂ ਸ਼ਹਿਰ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲਸ ਨੇ ਉਨ੍ਹਾਂ ਦਾ ਧਰਨਾ ਬੰਦ ਕਰਵਾਉਣ ਲਈ ਨੋਟਿਸ ਤਾਂ ਜਾਰੀ ਕਰ ਦਿੱਤਾ ਪਰ ਪੁਲਸ ਇਹ ਸਪਸ਼ਟ ਕਰਨ ਵਿਚ ਨਾਕਾਮ ਰਹੀ ਕਿ ਸ਼ਹਿਰ 'ਚ ਹਰ ਰੋਜ਼ ਸਰਕਾਰ ਵਿਰੁੱਧ ਹੁੰਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਅੱਜ ਤੱਕ ਆਯੋਜਕਾਂ ਵਿਰੁੱਧ ਕਿੰਨੇ ਨੋਟਿਸ ਭੇਜ ਚੁੱਕੀ ਹੈ।
ਟਰੱਸਟ ਦਫ਼ਤਰ ਬਾਹਰ ਆਜੋਜਿਤ ਪ੍ਰਦਰਸ਼ਨ 'ਚ ਸ਼ਾਮਲ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੰਨਾ ਨੇ ਕਿਹਾ ਕਿ ਸਿੱਧੂ ਦੇ ਸਮਰਥਕਾਂ ਨੇ ਕਥਿਤ ਠੱਗੀ, ਹੇਰਾਫੇਰੀ ਅਤੇ ਗ਼ੈਰ ਕਾਨੂੰਨੀ ਨਿਰਮਾਣਾਂ ਦੀ ਗੁੰਡਾਗਰਦੀ ਦੀ ਲੜੀ ਫਿਰ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਕਬੂਲ ਰੋਡ ਵਾਲੀ ਜਗ੍ਹਾ 'ਤੇ ਨਵਜੋਤ ਸਿੰਘ ਸਿੱਧੂ ਦਾ ਸਮਰਥਕ ਕੌਂਸਲਰ ਅਤੇ ਉਸ ਦਾ ਸਾਥੀ ਸਿਆਸੀ ਦਬਾਅ ਪਾ ਕੇ ਗ਼ੈਰ-ਕਾਨੂੰਨੀ ਉਸਾਰੀ ਕਰਵਾ ਰਿਹਾ ਹੈ। ਜਦੋਂਕਿ ਇਸ ਜਗ੍ਹਾ ਦਾ ਨਾ ਤਾਂ ਕੋਈ ਨਕਸ਼ਾ ਹੈ ਅਤੇ ਨਾ ਹੀ ਕੋਈ ਫੀਸ ਜਮ੍ਹਾ ਹੋਈ ਹੈ। ਇਸ ਪਲਾਟ ਦੀ ਹਾਊਸਿੰਗ ਲੇਨ ਜੋ ਖਾਲ੍ਹੀ ਛੱਡਣੀ ਹੁੰਦੀ ਹੈ ਉਸ 'ਤੇ ਵੀ ਗੈਰ ਕਾਨੂੰਨੀ ਨਿਰਮਾਣ ਸ਼ੁਰੂ ਕਰ ਦਿੱਤੇ ਗਏ ਹਨ। ਨਗਰ ਸੁਧਾਰ ਟਰੱਸਟ ਦੇ ਕਰਮਚਾਰੀ ਜਦੋਂ ਗੈਰ ਕਾਨੂੰਨੀ ਨਿਰਮਾਣ ਰੋਕਣ ਗਏ ਤਾਂ ਇਨ੍ਹਾਂ ਵਲੋਂ ਕਰਮਚਾਰੀਆਂ ਨਾਲ ਹੱਥੋਪਾਈ ਕਰਦੇ ਹੋਏ ਹਮਲਾ ਕੀਤਾ ਗਿਆ। ਇਸ ਹਮਲੇ ਤੋਂ ਬਾਅਦ ਟਰੱਸਟ ਦੇ ਅਧਿਕਾਰੀਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਪੱਤਰ ਭੇਜ ਕੇ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਵਿਰੁੱਧ ਕੋਈ ਐਫ. ਆਈ. ਆਰ. ਦਰਜ ਨਹੀਂ ਹੋਈ ਹੈ ਅਤੇ ਨਾ ਹੀ ਟਰੱਸਟ ਦੀ ਚੇਅਰਪਰਸਨ ਵਲੋਂ ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਲਈ ਪੱਤਰ 'ਤੇ ਸਿਆਸੀ ਦਬਾਅ ਕਾਰਨ ਦਸਤਖਤ ਕੀਤੇ ਗਏ।