ਮਨਦੀਪ ਜੱਸਲ ਨੇ ਫੇਸਬੁੱਕ ''ਤੇ ਲਾਈਵ ਹੋ ਕੇ ਸਿੱਧੂ ਤੇ ਪਰਗਟ ਨੂੰ ਦੱਸਿਆ ਦਲਿਤ ਵਿਰੋਧੀ

Saturday, Jun 16, 2018 - 07:54 AM (IST)

ਮਨਦੀਪ ਜੱਸਲ ਨੇ ਫੇਸਬੁੱਕ ''ਤੇ ਲਾਈਵ ਹੋ ਕੇ ਸਿੱਧੂ ਤੇ ਪਰਗਟ ਨੂੰ ਦੱਸਿਆ ਦਲਿਤ ਵਿਰੋਧੀ

ਜਲੰਧਰ, (ਮਹੇਸ਼)- ਵਿਧਾਇਕ ਰਾਜਿੰਦਰ ਬੇਰੀ ਦੇ ਹਲਕੇ ਵਿਚ ਆਉਂਦੇ ਰਾਮਾ ਮੰਡੀ ਏਰੀਏ ਵਿਚ ਵੀ ਸ਼ੁੱਕਰਵਾਰ ਸ਼ਾਮ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਤੇ ਪਰਗਟ ਸਿੰਘ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਹੋਇਆ। ਰਾਮਾ ਮੰਡੀ ਏਰੀਏ ਵਿਚ ਦੋ ਦਿਨ ਪਹਿਲਾਂ ਨਾਜਾਇਜ਼ ਕਾਲੋਨੀਆਂ 'ਤੇ ਸਿੱਧੂ ਵਲੋਂ ਪਰਗਟ ਸਿੰਘ ਨੂੰ ਨਾਲ ਲੈ ਕੇ ਕੀਤੀ ਗਈ ਕਾਰਵਾਈ ਤੋਂ ਭੜਕੇ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਤੇ ਵਿਜੇ ਕੁਮਾਰ ਦਕੋਹਾ ਕੌਂਸਲਰ ਪਤੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਚੈਲੰਜ ਕੀਤਾ ਕਿ ਜੇਕਰ ਉਨ੍ਹਾਂ ਵਿਚ ਦਮ ਹੈ ਤਾਂ ਉਨ੍ਹਾਂ ਦੇ ਇਲਾਕੇ ਵਿਚ ਕਾਰਵਾਈ ਕਰਕੇ ਦਿਖਾਉਣ। ਉਨ੍ਹਾਂ ਸਿੱਧੂ ਤੇ ਪਰਗਟ ਖਿਲਾਫ ਨਾਅਰੇ ਲਾਉਂਦਿਆਂ ਉਨ੍ਹਾਂ ਨੂੰ ਦਲਿਤ ਵਿਰੋਧੀ ਵੀ ਦੱਸਿਆ। ਜੱਸਲ ਨੇ ਇਹ ਵੀ ਕਿਹਾ ਕਿ ਉਹ ਆਪਣੇ ਨਿਰਮਾਣ ਸਬੰਧੀ ਨਕਸ਼ਾ ਪਾਸ ਕਰਵਾਉਣ ਲਈ ਨਿਗਮ ਵਿਚ ਅਰਜ਼ੀ ਵੀ ਦੇ ਚੁੱਕੇ ਹਨ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਸਿੱਧੂ ਨੂੰ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਆਸਾਨ ਨਿਯਮ ਬਣਾਉਣੇ ਤੇ ਲਾਗੂ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਨਵੇਂ ਨਿਰਮਾਣ ਕਰਨ ਵਿਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਸਿੱਧੂ ਮੇਅਰ ਜਗਦੀਸ਼ ਰਾਜਾ ਦੀ ਮਾਤਾ ਦਾ ਅਫਸੋਸ ਪ੍ਰਗਟ ਕਰਨ ਤਾਂ ਗਏ ਨਹੀਂ ਉਲਟਾ ਸ਼ਹਿਰ ਵਾਸੀਆਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨੀ ਵਿਚ ਪਾ ਗਏ। ਵਿਜੇ ਕੁਮਾਰ ਦਕੋਹਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ ਤੇ ਸਿੱਧੂ ਦੀ ਕਾਰਵਾਈ ਨਾਲ ਲੋਕਾਂ ਵਿਚ ਰੋਸ ਵਧ ਗਿਆ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਪਾਰਟੀ ਨੂੰ ਚੋਣਾਂ ਵਿਚ ਕਾਫੀ ਨੁਕਸਾਨ ਹੋਵੇਗਾ। ਵਿਜੇ ਦਕੋਹਾ ਨੇ ਕਿਹਾ ਕਿ ਜੇਕਰ ਨਿਗਮ ਦਾ ਕੋਈ ਵੀ ਅਧਿਕਾਰੀ ਮਨਦੀਪ ਜੱਸਲ ਦਾ ਨਿਰਮਾਣ ਡੇਗਣ ਆਉਂਦਾ ਹੈ ਤਾਂ ਉਸਦੇ ਖਿਲਾਫ ਸਾਰੇ ਵਰਕਰ ਇਕਜੁੱਟ ਹੋ ਕੇ ਵਿਰੋਧ ਕਰਨਗੇ। ਇਸ ਦੌਰਾਨ ਵਿਧਾਇਕ ਰਾਜਿੰਦਰ ਬੇਰੀ ਨੂੰ ਵੀ ਨਾਲ ਲਿਆ ਜਾਵੇਗਾ, ਜਿਨ੍ਹਾਂ ਨੂੰ ਉਨ੍ਹਾਂ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਿਵਾਈ ਸੀ। ਰਾਮਾ ਮੰਡੀ ਵਿਚ ਹੋਏ ਪ੍ਰਦਰਸ਼ਨ ਵਿਚ ਰਾਜਿੰਦਰ ਬੇਰੀ, ਸ਼ਮਸ਼ੇਰ ਖਹਿਰਾ, ਗੁਰਨਾਮ ਮੁਲਤਾਨੀ, ਰਮੇਸ਼ ਚੋਹਕਾਂ ਸਣੇ ਸਾਰੇ ਕਾਂਗਰਸੀਆਂ ਦੇ ਵੀ ਸ਼ਾਮਲ ਹੋਣ ਦੀ ਸੂਚਨਾ ਹੈ। ਬੇਰੀ ਨਾਲ ਇਸ ਸੰਬੰਧ ਵਿਚ ਗੱਲ ਕਰਨੀ ਚਾਹੀ ਪਰ ਉਨ੍ਹਾਂ ਦਾ ਮੋਬਾਇਲ ਸਵਿੱਚ ਆਫ ਆਉਂਦਾ ਰਿਹਾ। 


Related News