67 ਸਾਲ ਦਾ ਬੁੱਢਾ ਬਣ 24 ਸਾਲਾਂ ਮੁੰਡਾ ਮਾਰ ਚੱਲਾ ਸੀ ਕੈਨੇਡਾ ਉਡਾਰੀ, ਏਅਰਪੋਰਟ ਵਾਲਿਆਂ ਨੇ ਲਿਆ ਫੜ੍ਹ

Wednesday, Jun 19, 2024 - 09:49 PM (IST)

67 ਸਾਲ ਦਾ ਬੁੱਢਾ ਬਣ 24 ਸਾਲਾਂ ਮੁੰਡਾ ਮਾਰ ਚੱਲਾ ਸੀ ਕੈਨੇਡਾ ਉਡਾਰੀ, ਏਅਰਪੋਰਟ ਵਾਲਿਆਂ ਨੇ ਲਿਆ ਫੜ੍ਹ

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੀਆਈਐੱਸਐੱਫ ਨੇ ਇਕ 24 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ, ਜੋਕਿ 67 ਸਾਲ ਦਾ ਸੀਨੀਅਰ ਸੀਟੀਜਨ ਬਣਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ। ਦਰਅਸਲ 18 ਜੂਨ ਨੂੰ ਕਰੀਬ 5 ਵੱਜ ਕੇ 20 ਮਿੰਟ ‘ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ ਉੱਤੇ ਸੀਆਈਐੱਸਐਫ ਦੇ ਜਵਾਨ ਨੇ ਟਰਮੀਨਲ-3 ਵਜੇ ਚੈੱਕ-ਇੰਨ ਖੇਤਰ ਵਿੱਚ ਇਕ ਯਾਤਰੀ ਨੂੰ ਪੁੱਛਗਿਛ ਲਈ ਰੋਕਿਆ।

ਪੁੱਛਗਿੱਛ ਕਰਨ 'ਤੇ ਉਸ ਨੇ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ। ਪਾਸਪੋਰਟ ‘ਚ ਉਸਦੀ ਜਨਮ ਮਿਤੀ 10.02.1957 ਦਰਜ਼ ਸੀ। ਉਸਦਾ ਜਨਮ ਅਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਦੱਸਿਆ ਹੋਇਆ ਸੀ, ਜਦਕਿ ਮੂਲ ਤੌਰ ‘ਤੇ ਲਖਨਊ ਦਾ ਰਹਿਣ ਵਾਲਾ ਦਰਸਾਇਆ ਗਿਆ ਸੀ। ਉਕਤ ਵਿਅਕਤੀ ਰਾਤ 10:50 ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ।

ਬੁੱਢੇ ਦਿਖਣ ਲਈ ਰੰਗ ਲਏ ਵਾਲ ਤੇ ਦਾੜ੍ਹੀ

ਸੀਆਈਐੱਸਐੱਫ ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ 'ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ। ਉਸ ਦੀ ਆਵਾਜ਼ ਅਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਣਨ ਨਾਲ ਮੇਲ ਨਹੀਂ ਖਾਂਦੀ ਸੀ। ਨੇੜਿਓਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਉਸ ਨੇ ਬੁੱਢਾ ਦਿਖਣ ਲਈ ਐਨਕਾਂ ਵੀ ਲਗਾਈਆਂ ਹੋਈਆਂ ਸਨ।
PunjabKesari
 

ਉਮਰ ਦੱਸੀ 67 ਸਾਲ, ਨਿਕਲੀ 24 ਸਾਲ

ਇਨ੍ਹਾਂ ਸ਼ੱਕਾਂ ਦੇ ਆਧਾਰ 'ਤੇ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਡਿਪਾਰਚਰ ਏਰੀਆ ਵਿੱਚ ਲਿਜਾਇਆ ਗਿਆ। ਉਸ ਦੇ ਮੋਬਾਈਲ ਦੀ ਚੈਕਿੰਗ ਦੌਰਾਨ ਇਕ ਹੋਰ ਪਾਸਪੋਰਟ ਦੀ ਸਾਫਟ ਕਾਪੀ ਮਿਲੀ। ਜਿਸ ਅਨੁਸਾਰ ਪਾਸਪੋਰਟ 'ਤੇ ਦਰਜ ਨਾਮ ਗੁਰੂ ਸੇਵਕ ਸਿੰਘ ਉਮਰ 24 ਸਾਲ ਹੈ। ਹੋਰ ਪੁੱਛਗਿੱਛ ਦੌਰਾਨ ਯਾਤਰੀ ਨੇ ਮੰਨਿਆ ਕਿ ਉਸਦਾ ਅਸਲੀ ਨਾਮ ਗੁਰੂ ਸੇਵਕ ਸਿੰਘ ਹੈ ਅਤੇ ਉਸਦੀ ਉਮਰ 24 ਸਾਲ ਹੈ। ਉਹ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਦੇ ਨਾਂ 'ਤੇ ਜਾਰੀ ਕੀਤੇ ਪਾਸਪੋਰਟ 'ਤੇ ਸਫਰ ਕਰ ਰਿਹਾ ਹੈ।

ਦੋਸ਼ੀ ਨੂੰ ਕੀਤਾ ਗਿਆ ਗ੍ਰਿਫਤਾਰ

ਸੀਆਈਐਸਐਫ ਦੇ ਸਹਾਇਕ ਇੰਸਪੈਕਟਰ ਜਨਰਲ ਅਤੇ ਲੋਕ ਸੰਪਰਕ ਅਧਿਕਾਰੀ ਅਪੂਰਵਾ ਪਾਂਡੇ ਨੇ ਦੱਸਿਆ ਕਿ ਪੂਰਾ ਮਾਮਲਾ ਜਾਅਲੀ ਪਾਸਪੋਰਟ ਦਾ ਨਿਕਲਿਆ, ਯਾਤਰੀ ਨੂੰ ਉਸ ਦੇ ਸਮਾਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਲਈ ਆਈਜੀਆਈ ਏਅਰਪੋਰਟ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। CISF ਦੇ ਜਵਾਨਾਂ ਦੀ ਚੌਕਸੀ ਅਤੇ ਸਿਆਣਪ ਕਾਰਨ ਯਾਤਰੀ ਨੂੰ ਫੜ੍ਹ ਲਿਆ ਗਿਆ ਤੇ ਦਸਤਾਵੇਜ਼ ਦੀ ਸੰਭਾਵਿਤ ਦੁਰਵਰਤੋਂ ਨੂੰ ਰੋਕ ਲਿਆ ਗਿਆ।

 


author

DILSHER

Content Editor

Related News