ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼
Thursday, May 12, 2022 - 12:21 PM (IST)
ਜਲੰਧਰ (ਮਹੇਸ਼)– ਬਾਬਾ ਬੁੱਢਾ ਜੀ ਨਗਰ ਰਾਮਾ ਮੰਡੀ ਦੀ ਗਲੀ ਨੰਬਰ 5 ਵਿਚ ਰਹਿੰਦੇ ਜਤਿੰਦਰ ਮਾਨ ਪੁੱਤਰ ਚੈਨ ਲਾਲ ਨਾਮਕ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮ੍ਰਿਤਕ ਜਤਿੰਦਰ ਮਾਨ ਦੀ ਮਾਂ ਗਿਆਨਵਤੀ ਪਤਨੀ ਚੈਨ ਲਾਲ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਨੂੰਹ ਸੁਰਜੀਤ ਕੌਰ ਨੇ ਉਸ ਦੇ ਬੇਟੇ ਦਾ ਕਤਲ ਕੀਤਾ ਹੈ। ਉਹ ਕਾਫ਼ੀ ਸਮੇਂ ਤੋਂ ਉਸ ਨੂੰ ਤੰਗ-ਪਰੇਸ਼ਾਨ ਕਰ ਰਹੀ ਸੀ ਪਰ ਦਕੋਹਾ ਚੌਂਕੀ ਦੀ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਹੁਸ਼ਿਆਰਪੁਰ ਹਾਈਵੇਅ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਪੁਲਸ ਵੱਲੋਂ ਗਿਆਨਵਤੀ ਦੇ ਬਿਆਨਾਂ ’ਤੇ ਸੁਰਜੀਤ ਕੌਰ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਆਈ. ਪੀ. ਸੀ. ਦੀ ਧਾਰਾ 306 ਤਹਿਤ ਐੱਫ਼. ਆਈ. ਆਰ. ਦਰਜ ਕੀਤੇ ਜਾਣ ਦੇ ਬਾਅਦ ਮ੍ਰਿਤਕ ਦੀ ਮਾਂ ਅਤੇ ਹੋਰ ਲੋਕਾਂ ਨੇ ਰੋਸ ਪ੍ਰਦਰਸ਼ਨ ਖ਼ਤਮ ਕੀਤਾ ਅਤੇ ਉਨ੍ਹਾਂ ਦੇ ਸੜਕ ਤੋਂ ਉੱਠਣ ਦੇ ਬਾਅਦ ਬੰਦ ਹੋਈ ਆਵਾਜਾਈ ਖੋਲ੍ਹ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ
17 ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਾਂ ਗਿਆਨਵਤੀ ਨੇ ਦੱਸਿਆ ਕਿ ਉਸ ਦੇ ਬੇਟੇ ਜਤਿੰਦਰ ਦਾ ਵਿਆਹ 17 ਸਾਲ ਪਹਿਲਾਂ ਸੁਰਜੀਤ ਕੌਰ ਜੋਤੀ ਨਾਲ ਹੋਇਆ ਸੀ। ਪਤਨੀ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਜਤਿੰਦਰ ਨਾਲ ਅਕਸਰ ਝਗੜਾ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਕਾਰਨ ਉਸ ਦੇ ਬੇਟੇ ਨੇ ਬੁੱਧਵਾਰ ਗਰਿੱਲ ਨਾਲ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ। ਮਾਂ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਬੇਟੇ ਦਾ ਕਤਲ ਕਰਨ ਦੇ ਬਾਅਦ ਉਸ ਦੀ ਲਾਸ਼ ਨੂੰ ਲੋਹੇ ਦੀ ਗਰਿੱਲ ਨਾਲ ਲਟਕਾਇਆ ਗਿਆ ਸੀ ਕਿਉਂਕਿ ਜਦੋਂ ਜਤਿੰਦਰ ਦੀ ਲਾਸ਼ ਨੂੰ ਫਾਹੇ ਤੋਂ ਮੌਕੇ ’ਤੇ ਪਹੁੰਚੇ ਗੁਆਂਢੀ ਹੇਠਾਂ ਉਤਾਰ ਰਹੇ ਸਨ, ਉਸ ਸਮੇਂ ਉਸ ਦੇ ਦੋਵੇਂ ਹੱਥ ਕਿਸੇ ਕੱਪੜੇ ਨਾਲ ਬੰਨ੍ਹੇ ਹੋਏ ਸਨ। ਉਸ ਨੇ ਕਿਹਾ ਕਿ ਉਸ ਦੀ ਨੂੰਹ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ
ਮ੍ਰਿਤਕ ਦੀ ਪਤਨੀ ’ਤੇ ਧਾਰਾ 306 ਦਾ ਕੇਸ ਦਰਜ ਕੀਤੇ ਜਾਣ ਅਤੇ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਦਕੋਹਾ ਚੌਂਕੀ ਮੁਖੀ ਮਨੀਸ਼ ਭਾਰਦਵਾਜ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਸੁਰਜੀਤ ਕੌਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਦੇ ਪਤੀ ਵੱਲੋਂ ਕੀਤੀ ਗਈ ਖੁਦਕੁਸ਼ੀ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ