ਪ੍ਰੇਮ-ਸੰਬੰਧਾਂ ਦੇ ਚਲਦਿਆਂ ਪੁਜਾਰੀ ਦੇ ਬੇਟੇ ਨੇ ਲਗਾਇਆ ਫਾਹਾ

06/23/2018 5:37:12 PM

ਜਲੰਧਰ (ਜਸਪ੍ਰੀਤ)— ਇਥੋਂ ਦੇ ਥਾਣਾ ਨੰਬਰ-8 ਦੇ ਅਧੀਨ ਪੈਂਦੇ ਪ੍ਰੀਤ ਨਗਰ ਸੋਢਲ ਰੋਡ 'ਤੇ ਸਥਿਤ ਰਾਧਾ ਰਮਨ ਮੰਦਿਰ ਦੇ ਪੁਜਾਰੀ ਦੇ ਬੇਟੇ ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਮ੍ਰਿਤਕ ਦੀ ਪਛਾਣ ਪਰਸੁਨ ਕੁਮਾਰ (30) ਦੇ ਰੂਪ 'ਚ ਹੋਈ ਹੈ। ਮੰਦਿਰ ਦੇ ਪੁਜਾਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ ਏਵਰਗ੍ਰੀਨ ਪਬਲਿਕੇਸ਼ਨ 'ਚ ਕੰਮ ਕਰਦਾ ਸੀ ਅਤੇ ਵਿਆਹੁਤਾ ਸੀ। ਉਸ ਦੇ ਦੋ ਬੱਚੇ ਹਨ। ਪੁਜਾਰੀ ਨੇ ਅੱਗੇ ਦੱਸਿਆ ਕਿ ਬੇਟੇ ਦੇ ਰਿਸ਼ਤੇਦਾਰੀ 'ਚ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਘਰ 'ਚ ਕਾਫੀ ਵਿਵਾਦ ਰਹਿੰਦਾ ਸੀ। ਬੇਟਾ ਉਸ ਲੜਕੀ ਦੇ ਨਾਲ 4 ਮਹੀਨਿਆਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ।

ਉਨ੍ਹਾਂ ਨੇ ਦੱਸਿਆ ਕਿ ਹੁਣ ਕੁਝ ਦਿਨਾਂ ਤੋਂ ਪਰਸੁਨ ਮੁੜ ਘਰ ਆ ਕੇ ਰਹਿ ਰਿਹਾ ਸੀ ਅਤੇ ਵਿਆਹ ਹੋਣ ਦੇ ਬਾਵਜੂਦ ਜਿਸ ਲੜਕੀ ਨਾਲ ਪ੍ਰੇਮ ਪ੍ਰਸੰਗ ਚੱਲਦਾ ਸੀ, ਉਸ ਨਾਲ ਵਿਆਹ ਕਰਵਾਉਣ ਦੀ ਜ਼ਿਦ ਕਰ ਰਿਹਾ ਸੀ, ਜਿਸ ਦਾ ਉਹ ਵਿਰੋਧ ਕਰ ਰਹੇ ਸਨ। ਉਸ ਕੋਲੋਂ ਪ੍ਰੇਸ਼ਾਨ ਹੋ ਕੇ ਪਰਸੁਨ ਨੇ ਦੁਪਹਿਰ ਨੂੰ ਕਮਰੇ 'ਚ ਫਾਹ ਲੈ ਕੇ ਆਤਮਹੱਤਿਆ ਕਰ ਲਈ।
ਮ੍ਰਿਤਕ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਦੁਪਹਿਰ ਨੂੰ ਉਹ ਕਮਰੇ 'ਚ ਗਏ ਤਾਂ ਕਮਰੇ ਅੰਦਰ ਕੁੰਡੀ ਲੱਗੀ ਸੀ ਅਤੇ ਖਿੜਕੀ ਤੋਂ ਦੇਖਿਆ ਤਾਂ ਪਰਸੁਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ ਨੰ. 8 ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਜਾ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਭੇਜਿਆ ਅਤੇ ਦੇਰ ਸ਼ਾਮ ਧਾਰਾ 174 ਦੇ ਤਹਿਤ ਦੇ ਮਾਮਲੇ ਦੀ ਜਾਂਚ ਕੀਤੀ।


Related News