ਨਾਬਾਲਿਗ ਧੀਆਂ ਸਮੇਤ ਪਿਤਾ ਨੇ ਨਹਿਰ ''ਚ ਮਾਰੀ ਛਾਲ
Monday, Jun 12, 2017 - 08:16 AM (IST)
ਖਮਾਣੋਂ (ਜਟਾਣਾ) – ਦੋ ਨਾਬਾਲਿਗ ਧੀਆਂ ਸਮੇਤ ਪਿਤਾ ਵਲੋਂ ਕਥਿਤ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਕਾਰ ਪਿੰਡ ਮੁੱਖ ਮਾਰਗ 'ਤੇ ਪਿੰਡ ਕਜੌਲੀ ਨੇੜੇ ਲੰਘਦੀ ਭਾਖੜਾ ਨਹਿਰ ਦੇ ਕੰਢੇ 'ਤੇ ਲਾਵਾਰਿਸ ਖੜ੍ਹੀ ਮਿਲੀ ਹੈ। ਪੁਲਸ ਸੂਤਰਾਂ ਮੁਤਾਬਿਕ ਕਾਰ ਮਲੋਆ (ਚੰਡੀਗੜ੍ਹ) ਨਿਵਾਸੀ ਲਲਿਤ ਮੋਹਨ ਦੀ ਹੈ, ਜੋ ਮੋਹਾਲੀ ਵਿਖੇ ਟੈਕਸੀ ਚਲਾਉਂਦਾ ਹੈ। ਬੀਤੇ ਦਿਨ ਲਲਿਤ ਸਹੁਰੇ ਪਰਿਵਾਰ ਕੋਲ ਮੋਹਾਲੀ ਗਿਆ, ਜਿਥੋਂ ਉਹ ਆਪਣੀਆਂ ਦੋ ਧੀਆਂ ਕਸ਼ਿਸ਼ (9) ਤੇ ਦ੍ਰਿਸ਼ਟੀ (6) ਨੂੰ ਨਾਲ ਲੈ ਕੇ ਚਲਾ ਗਿਆ ਤੇ ਉਪਰੰਤ ਪਰਿਵਾਰ ਵਲੋਂ ਸੰਪਰਕ ਕਰਨ 'ਤੇ ਲਲਿਤ ਦਾ ਕਹਿਣਾ ਸੀ ਕਿ ਉਹ ਬੱਚੀਆਂ ਨੂੰ ਆਈਸਕ੍ਰੀਮ ਖੁਆ ਰਿਹਾ ਹੈ ਤੇ ਜਲਦ ਘਰ ਵਾਪਿਸ ਆ ਜਾਵੇਗਾ। ਜਦੋਂ ਕਾਫੀ ਸਮਾਂ ਉਹ ਘਰ ਨਾ ਮੁੜਿਆ ਤੇ ਪਰਿਵਾਰ ਨੂੰ ਪਤਾ ਲੱਗਾ ਕਿ ਕਾਰ ਨਹਿਰ ਕੰਢੇ ਖੜ੍ਹੀ ਹੈ ਤੇ ਫੋਨ ਵੀ ਉਸ 'ਚ ਹੀ ਪਿਆ ਹੈ ਤਾਂ ਲਲਿਤ ਵਲੋਂ ਦੋਵੇਂ ਬੱਚੀਆਂ ਸਮੇਤ ਨਹਿਰ 'ਚ ਛਾਲ ਮਾਰ ਦੇਣ ਦੀ ਸ਼ੰਕਾ ਜ਼ਾਹਿਰ ਕਰਦਿਆਂ ਪਤਨੀ ਕਮਲਪ੍ਰੀਤ ਕੌਰ ਨੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪੁਲਸ ਨੂੰ ਸੂਚਿਤ ਕੀਤਾ।
ਸੰਪਰਕ ਕਰਨ 'ਤੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਵੱਖ–ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਸ ਚੌਕੀ ਸੰਘੋਲ ਦੇ ਇੰਚਾਰਜ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਕ ਵੱਡੀ ਲੜਕੀ ਦੀ ਲਾਸ਼ ਕੁਰੂਕਸ਼ੇਤਰ ਨੇੜੇ ਪੈਂਦੀ ਨਹਿਰ 'ਚੋਂ ਮਿਲੀ ਹੈ, ਜਿਸ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-39 'ਚ ਪੈਂਦੇ ਮਲੋਆ ਵਾਸੀ ਕਸ਼ਿਸ਼ ਪੁੱਤਰੀ ਲਲਿਤ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਇਹ ਵੀ ਦÎੱਸਿਆ ਕਿ ਅਜੇ ਤਕ ਲਲਿਤ ਤੇ ਛੋਟੀ ਲੜਕੀ ਦ੍ਰਿਸ਼ਟੀ ਬਾਰੇ ਕੋਈ ਥਹੁ-ਪਤਾ ਨਹੀਂ ਲਗ ਸਕਿਆ। ਪੁਲਸ ਨੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।
