ਸੜਕ ''ਤੇ ਭਿੜੇ ਨੌਜਵਾਨ; ਪੁਲਸ ਮੁਲਾਜ਼ਮ ਮੂਕਦਰਸ਼ਕ ਬਣ ਕੇ ਖੜ੍ਹੇ ਰਹੇ
Tuesday, Dec 05, 2017 - 12:46 AM (IST)
ਨੰਗਲ, (ਰਾਜਵੀਰ)- ਪੁਲਸ ਮੁਲਾਜ਼ਮਾਂ ਦੇ ਸਾਹਮਣੇ ਹੀ ਦੋ ਧਿਰਾਂ ਭਿੜਦੀਆਂ ਰਹੀਆਂ ਤੇ ਮੁਲਾਜ਼ਮ ਮੂਕਦਰਸ਼ਕ ਬਣ ਕੇ ਉਨ੍ਹਾਂ ਨੂੰ ਦੇਖਦੇ ਰਹੇ। ਮਾਮਲਾ ਨੰਗਲ ਪੁਲਸ ਸਟੇਸ਼ਨ ਤੋਂ ਕੁਝ ਹੀ ਦੂਰੀ ਦਾ ਹੈ। ਬੀਤੀ ਰਾਤ ਕਿਸੇ ਗੱਲ ਕਾਰਨ ਕੁਝ ਨੌਜਵਾਨ ਭਿੜ ਗਏ। ਇਸ ਲੜਾਈ ਵਿਚ ਡੰਡੇ, ਲੱਤਾਂ, ਮੁੱਕੇ ਤੇ ਲੋਹੇ ਦੀਆਂ ਰਾਡਾਂ ਚੱਲੀਆਂ, ਜਿਸ ਨੂੰ ਪੁਲਸ ਮੁਲਾਜ਼ਮ ਦੂਰ ਖੜ੍ਹੇ ਦੇਖਦੇ ਰਹੇ ਪਰ ਅੱਗੇ ਜਾ ਕੇ ਉਨ੍ਹਾਂ ਨੂੰ ਛੁਡਾਇਆ ਨਹੀਂ ਤੇ ਨਾ ਹੀ ਕਿਸੇ ਹੋਰ ਨੂੰ ਅੱਗੇ ਜਾਣ ਦਿੱਤਾ। ਇਸ ਦੌਰਾਨ ਜਦੋਂ ਕੁਝ ਲੋਕ ਵਿਚ ਪੈ ਕੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਨ੍ਹਾਂ ਨੂੰ ਵੀ ਪੁਲਸ ਮੁਲਾਜ਼ਮਾਂ ਨੇ ਰੋਕਦੇ ਹੋਏ ਕਿਹਾ ਕਿ 'ਕੀ ਲੋੜ ਏ ਪੰਗੇ 'ਚ ਪੈਣ ਦੀ'। ਇਸ ਲੜਾਈ ਦੌਰਾਨ ਜਿਥੇ ਵਾਹਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ, ਉਥੇ ਹੀ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ, ਜਿਨ੍ਹਾਂ ਨੂੰ ਬੀ. ਬੀ. ਐੱਮ. ਬੀ. ਦੇ ਕੈਨਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਇਸ ਸੰਬੰਧ 'ਚ ਐੱਸ. ਐੱਚ. ਓ. ਪਵਨ ਕੁਮਾਰ ਚੌਧਰੀ ਨੇ ਦੱਸਿਆ ਕਿ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਪੁਲਸ ਮੁਲਾਜ਼ਮਾਂ ਦੇ ਸਾਹਮਣੇ ਘਟਨਾ ਹੋਣ ਦੀ ਗੱਲ ਨੂੰ ਨਕਾਰ ਦਿੱਤਾ। ਦੂਜੇ ਪਾਸੇ, ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ 'ਚ ਜੇਕਰ ਕਿਸੇ ਵੀ ਪੁਲਸ ਮੁਲਾਜ਼ਮ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
