ਪਿਆਰ 'ਚ ਪਤੀ ਬਣ ਰਿਹਾ ਸੀ ਰੋੜਾ, ਸਾਜਿਸ਼ ਰਚ ਕੇ ਪਤਨੀ ਨੇ ਦਿੱਤੀ ਦਰਦਨਾਕ ਮੌਤ

04/18/2020 8:23:28 PM

ਨਵਾਂਸ਼ਹਿਰ (ਮਨੋਰੰਜਨ)— 20-21 ਮਾਰਚ ਦੀ ਦਰਮਿਆਨੀ ਰਾਤ ਨੂੰ ਪਿਆਰ 'ਚ ਰੋੜਾ ਬਣ ਰਹੇ ਪਤੀ ਨੂੰ ਪਤਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜੋਰਾਵਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਸੂਲਪੁਰ ਦੀ ਲਾਸ਼ ਕਤਲ ਕਰਨ ਪਿੱਛੋਂ ਖੂਨ ਨਾਲ ਲਥਪਥ ਪੁਲੀ ਮੁਕੰਦਪੁਰ ਰੋਡ ਗਹਿਲ ਤੋਂ ਬਰਾਮਦ ਕੀਤੀ ਗਈ ਸੀ। ਪੁਲਸ ਨੇ ਮ੍ਰਿਤਕ ਜੋਰਾਵਰ ਸਿੰਘ ਦੀ ਪਤਨੀ ਨਵਦੀਪ ਕੌਰ ਦੇ ਬਿਆਨ ਦੇ ਆਧਾਰ 'ਤੇ ਮੁਕੱਦਮਾ ਮੁਕੰਦਪੁਰ ਨਾਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਕੇ ਇੰਸਪੈਕਟਰ ਗੁਰਮੁੱਖ ਸਿੰਘ ਮੁੱਖ ਅਫਸਰ ਥਾਣਾ ਮੁਕੰਦਪੁਰ ਨੇ ਮੁੱਢਲੀ ਤਫਤੀਸ਼ ਅਮਲ 'ਚ ਲਿਆਂਦੀ। ਇਸ ਤੋਂ ਬਾਅਦ ਪੁਲਸ ਨੇ ਪਤਨੀ ਅਤੇ ਉਸ ਦੇ ਦੋ ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਲਿਆ।

ਖੁਲਾਸਾ, ਪਤੀ ਦੀ ਮਾਸੀ ਦੇ ਮੁੰਡੇ ਨਾਲ ਸਨ ਪ੍ਰੇਮ ਸੰਬੰਧ

ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅਲਕਾ ਮੀਨਾ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਮੁਤਾਬਕ ਵਜੀਰ ਸਿੰਘ ਪੀ. ਪੀ. ਐੱਸ. ਕਪਤਾਨ ਪੁਲਸ ਜਾਂਚ ਅਤੇ ਹਰਜੀਤ ਸਿੰਘ ਪੀ. ਪੀ. ਐੱਸ. ਉੱਪ ਕਪਤਾਨ ਪੁਲਸ ਜਾਂਚ ਦੇ ਦਿਸ਼ਾ-ਨਿਰਦੇਸ਼ਾ ਮੁਤਾਬਕ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਨਵਾਂਸ਼ਹਿਰ ਅਤੇ ਇੰਸਪੈਕਟਰ ਗੁਰਮੁੱਖ ਸਿੰਘ ਮੁੱਖ ਅਫਸਰ ਥਾਣਾ ਮੁਕੰਦਪੁਰ ਵੱਲੋਂ ਮੁਕੱਦਮੇ ਦੀ ਤਫਤੀਸ਼ ਤੱਥਾਂ ਦੇ ਆਧਾਰ 'ਤੇ ਡੂੰਘਾਈ ਨਾਲ ਅਮਲ 'ਚ ਲਿਆਂਦੀ ਤਾਂ ਪਾਇਆ ਗਿਆ ਕਿ ਮ੍ਰਿਤਕ ਜੋਰਾਵਰ ਸਿੰਘ ਦੀ ਪਤਨੀ ਨਵਦੀਪ ਕੌਰ (25)  ਦੇ ਆਪਣੇ ਪਤੀ ਜ਼ੋਰਾਵਰ ਸਿੰਘ ਦੀ ਮਾਸੀ ਦੇ ਲੜਕੇ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਭਾਰਦਵਾਜੀਆਂ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਨਾਲ ਪ੍ਰੇਮ ਸੰਬੰਧ ਸਨ।

ਸੁਖਦੇਵ ਸਿੰਘ ਸੁੱਖਾ ਦਾ ਆਪਣੀ ਪਤਨੀ ਇੰਦਰਜੀਤ ਕੌਰ ਪੁੱਤਰੀ ਬਹਾਦਰ ਸਿੰਘ ਵਾਸੀ ਪਿੰਡ ਸਰੀਂਹ ਥਾਣਾ ਨਕੋਦਰ ਜ਼ਿਲ੍ਹਾ ਜਲੰਧਰ ਨਾਲ ਫਰਵਰੀ 2020 'ਚ ਤਲਾਕ ਹੋ ਗਿਆ ਸੀ। ਸੁਖਦੇਵ  ਵਿਦੇਸ਼ ਸਾਈਪ੍ਰਸ ਤੋਂ ਮ੍ਰਿਤਕ ਜੋਰਾਵਰ ਸਿੰਘ ਦੀ ਪਤਨੀ ਨਵਦੀਪ ਕੌਰ ਨਾਲ ਫੋਨ 'ਤੇ ਗੱਲਬਾਤ ਕਰਦਾ ਹੁੰਦਾ ਸੀ, ਜਿਸ ਕਰਕੇ ਇਨ੍ਹਾਂ ਦੋਹਨਾਂ ਦੀ ਆਪਸ 'ਚ ਨੇੜਤਾ ਵੱਧ ਗਈ।
ਪਤੀ ਨੂੰ ਮਾਰਨ ਦੀ ਇੰਝ ਰਚੀ ਘਿਨਾਉਣੀ ਸਾਜਿਸ਼
ਇਸ ਦੌਰਾਨ ਨਵਦੀਪ ਕੌਰ ਫੋਨ 'ਤੇ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਇਹ ਕਹਿੰਦੀ ਹੁੰਦੀ ਸੀ ਕਿ ਉਸਦਾ ਪਤੀ ਜੋਰਾਵਰ ਸਿੰਘ ਜੋ ਜ਼ਿਆਦਾ ਨਸ਼ਾ ਕਰਦਾ ਹੈ, ਨੇ ਆਪਣੀ ਉਮਰ ਘੱਟ ਦੱਸ ਕੇ ਮੇਰੇ ਨਾਲ ਧੋਖੇ ਨਾਲ ਵਿਆਹ ਕਰਵਾਇਆ ਹੈ ਜਦਕਿ ਉਹ ਮੇਰੇ ਤੋਂ 10/11 ਸਾਲ ਉਮਰ 'ਚ ਵੱਡਾ ਹੈ। ਉਹ ਕਹਿੰਦੀ ਸੀ ਕਿ ਤੇਰਾ ਵੀ ਤਲਾਕ ਹੋ ਗਿਆ ਹੈ ਜੇਕਰ ਤੂੰ ਕੋਈ ਹੱਲ ਕਰ ਦੇਵੇਂ ਤਾਂ ਆਪਾਂ ਹੌਲੀ-ਹੌਲੀ ਇਕ ਹੋ ਜਾਵਾਂਗੇ।

ਮਿਤੀ 10 ਮਾਰਚ ਨੂੰ ਜਦੋਂ ਸੁਖਦੇਵ ਸਿੰਘ ਵਿਦੇਸ਼ ਸਾਈਪ੍ਰਸ ਤੋਂ ਇੰਡੀਆ ਆਇਆ ਤਾਂ ਨਵਦੀਪ ਕੌਰ ਨੇ ਸੁਖਦੇਵ ਸਿੰਘ ਉਰਫ ਸੁੱਖਾ ਨੂੰ ਦੱਸਿਆ ਕਿ ਮਿਤੀ 21 ਮਾਰਚ ਨੂੰ ਉਨ੍ਹਾਂ ਦੇ ਮਾਮੇ ਦੀ ਲੜਕੀ ਕਰਨਜੀਤ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਗੋਸਲ ਦਾ ਵਿਆਹ ਹੈ। ਇਸ ਮੌਕੇ ਆਪਾਂ ਵਿਆਹ 'ਚ ਇਕੱਠੇ ਹੋਵਾਂਗੇ ਅਤੇ ਮੌਕਾ ਦੇਖ ਕੇ ਤੂੰ ਮੇਰੇ ਪਤੀ ਨੂੰ ਸ਼ਰਾਬ ਪਿਲਾ ਕੇ ਉਸ ਨੂੰ ਰਸਤੇ ਵਿਚੋਂ ਹਟਾ ਸਕਦਾ ਹੈ ਅਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਵੇਗਾ। ਨਵਦੀਪ ਕੌਰ ਦੇ ਕਹਿਣ 'ਤੇ ਸੁਖਦੇਵ ਸਿੰਘ ਨੇ ਜੋਰਾਵਰ ਸਿੰਘ ਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਦੋਸਤ ਦਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਭਾਰਦਵਾਜੀਆਂ ਨੂੰ ਆਪਣੇ ਨਾਲ ਮਿਲਾ ਲਿਆ ਤੇ ਬਣਾਈ ਗਈ ਸਲਾਹ ਮੁਤਾਬਕ ਮਿਤੀ 20-03-2020 ਨੂੰ ਕਰਨਜੀਤ ਕੌਰ ਵਾਸੀ ਗੋਸਲ ਦੇ ਵਿਆਹ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਰਾਤ ਨੂੰ ਜਾਗੋ ਦਾ ਪ੍ਰੋਗਰਾਮ ਅਟੈਂਡ ਕਰਨ ਲਈ ਹੋਰ ਰਿਸ਼ਤੇਦਾਰਾਂ ਸਮੇਤ ਮ੍ਰਿਤਕ ਜੋਰਾਵਰ ਸਿੰਘ ਆਪਣੀ ਪਤਨੀ ਨਵਦੀਪ ਕੌਰ ਅਤੇ ਲੜਕੇ ਐਸ਼ਵੀਰ ਸਿੰਘ 4 ਸਾਲ ਨਾਲ ਪਿੰਡ ਗੋਸਲ ਵਿਖੇ ਆਇਆ ਹੋਇਆ ਸੀ।

ਇਸ ਮੌਕੇ ਸੁਖਦੇਵ ਸਿੰਘ ਉਰਫ ਸੁੱਖਾ ਆਪਣੇ ਮਾਤਾ-ਪਿਤਾ ਅਤੇ ਆਪਣੇ ਸਾਥੀ ਦਲਜਿੰਦਰ ਸਿੰਘ ਨਾਲ ਪਿੰਡ ਗੋਸਲ ਵਿਖੇ ਮੌਜੂਦ ਸੀ, ਜਿੱਥੇ ਰਾਤ ਨੂੰ ਜਾਗੋ ਦੇ ਪ੍ਰੋਗਰਾਮ ਸਮੇਂ ਸੁਖਦੇਵ ਸਿੰਘ ਉਰਫ ਸੁੱਖਾ ਨੇ ਬਣਾਈ ਹੋਈ ਸਲਾਹ ਮੁਤਾਬਕ ਮ੍ਰਿਤਕ ਜੋਰਾਵਰ ਸਿੰਘ ਨੂੰ ਜਿਆਦਾ ਸ਼ਰਾਬ ਪਿਲਾਈ ਅਤੇ 8.30 ਦੇ ਕਰੀਬ ਉਹ ਜੋਰਾਵਰ ਸਿੰਘ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਚਲ ਕਿਧਰੇ ਬਾਹਰ ਘੁੰਮ ਕੇ ਆਉਦੇ ਹਾਂ। ਇਸ ਮੌਕੇ ਮ੍ਰਿਤਕ ਜੋਰਾਵਰ ਸਿੰਘ ਆਪਣਾ ਮੋਟਰਸਾਈਕਲ ਪਿੰਡ ਗੋਸਲ ਤੋਂ ਲੈ ਕੇ ਸੁਖਦੇਵ ਸਿੰਘ ਸੁੱਖਾ ਨਾਲ ਚੱਲ ਪਿਆ। ਜੋ ਪੁਲੀ ਸੂਆ ਮੁਕੰਦਪੁਰ ਰੋਡ ਗਹਿਲ ਮਜਾਰੀ ਨਜਦੀਕ ਸੁਖਦੇਵ ਸਿੰਘ ਉਰਫ ਸੁੱਖਾ ਨੇ ਬਹਾਨੇ ਨਾਲ ਮੋਟਰਸਾਈਕਲ ਰੁਕਵਾ ਕੇ ਜੋਰਾਵਰ ਸਿੰਘ ਨੂੰ ਮੋਟਰਸਾਈਕਲ ਤੋਂ ਥੱਲੇ ਉਤਾਰ ਕੇ ਆਪਣੇ ਪਾਸ ਪਹਿਲਾਂ ਹੀ ਮੌਜੂਦ ਚਾਕੂ ਨਾਲ ਸ਼ਰਾਬ ਦੇ ਨਸ਼ੇ 'ਚ ਚੂਰ ਜੋਰਾਵਰ ਸਿੰਘ ਦੇ ਗਲੇ ਅਤੇ ਹੋਰ ਸਰੀਰ 'ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।


ਮ੍ਰਿਤਕ ਜੋਰਾਵਰ ਸਿੰਘ ਦੀ ਜੇਬ 'ਚੋਂ ਉਸ ਦਾ ਮੋਬਾਇਲ ਫੋਨ, ਪਰਸ ਜਿਸ 'ਚ ਕਰੀਬ 2200 ਰੁਪਏ ਸਨ ਕੱਢ ਲਏ। ਇਸ ਤੋਂ ਬਾਅਦ ਸੁਖਦੇਵ ਸਿੰਘ ਨੇ ਬਣਾਈ ਹੋਈ ਸਲਾਹ ਮੁਤਾਬਕ ਆਪਣੇ ਸਾਥੀ ਦਲਜਿੰਦਰ ਸਿੰਘ ਨੂੰ ਫੋਨ ਕਰਕੇ ਮੋਟਰਸਾਈਕਲ ਮੰਗਵਾਇਆ ਅਤੇ ਉਸ ਦੇ ਨਾਲ ਮੋਟਰਸਾਈਕਲ 'ਤੇ ਬੈਠ ਕੇ ਪਿੰਡ ਗੋਸਲ ਵਿਖੇ ਆਪਣੇ ਰਿਸ਼ਤੇਦਾਰਾਂ, ਜਿਹਨਾਂ ਦੇ ਘਰ ਵਿਆਹ ਸੀ, ਦੇ ਪੁਰਾਣੇ ਘਰ ਪੁੱਜੇ ਜਿੱਥੇ ਸੁਖਦੇਵ ਸਿੰਘ, ਜਿਸ ਦੇ ਕੱਪੜਿਆਂ ਨੂੰ ਖੂਨ ਲੱਗਾ ਹੋਇਆ ਸੀ, ਕੱਪੜੇ ਧੋਅ ਕੇ ਹੋਰ ਕੱਪੜੇ ਪਾ ਕੇ ਦੋਬਾਰਾ ਫਿਰ ਵਿਆਹ 'ਚ ਸ਼ਾਮਲ ਹੋ ਗਿਆ।
ਜੋਰਾਵਰ ਸਿੰਘ ਦੇ ਕਤਲ ਕੇਸ 'ਚ ਉਸ ਦੀ ਪਤਨੀ ਨਵਦੀਪ ਕੌਰ ਸਮੇਤ ਸੁਖਦੇਵ ਸਿੰਘ ਅਤੇ ਉਸ ਦੇ ਦੋਸਤ ਦਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਢੁੱਕਵਾ ਰਿਮਾਂਡ ਹਾਸਲ ਕਰਕੇ ਮ੍ਰਿਤਕ ਦੇ ਕਤਲ 'ਚ ਵਰਤਿਆ ਚਾਕੂ, ਉਸ ਦਾ ਮੋਬਾਇਲ ਫੋਨ ਅਤੇ ਪਰਸ ਬਰਾਮਦ ਕੀਤਾ ਜਾਵੇਗਾ। ਦੌਰਾਨੇ ਤਫਤੀਸ਼ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।


shivani attri

Content Editor

Related News