ਮੂੰਹ ਬੋਲੀ ਭੈਣ ਦਾ ਬਚਾਅ ਕਰਨਾ ਭਰਾ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ
Thursday, Mar 12, 2020 - 05:38 PM (IST)
ਲੁਧਿਆਣਾ (ਰਾਜ)— ਡਾਬਾ ਦੇ ਸੁਰਜੀਤ ਨਗਰ ਇਲਾਕੇ 'ਚ ਹੋਲੀ ਵਾਲੇ ਦਿਨ ਪਾਣੀ ਭਰਨ ਕਾਰਨ ਇਕ ਲੜਕੀ ਨਾਲ ਸ਼ੁਰੂ ਹੋਏ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਗੁਆਂਢ 'ਚ ਰਹਿਣ ਵਾਲੇ ਦੋ ਸਕੇ ਭਰਾਵਾਂ ਨੇ ਝਗੜੇ 'ਚ ਬਚਾਅ ਕਰਨ ਆਪਣੇ ਭਰਾ ਨਾਲ ਆਏ ਨੌਜਵਾਨ ਦਾ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਜਰਮ ਮੌਕੇ ਤੋਂ ਫਰਾਰ ਹੋ ਗਏ।
ਲੋਕਾਂ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ ਥਾਣਾ ਡਾਬਾ ਦੀ ਪੁਲਸ ਮੌਕੇ 'ਤੇ ਪੁੱਜ ਗਈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ (20) ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ, ਇਸ ਤੋਂ ਬਾਅਦ ਥਾਣਾ ਡਾਬਾ 'ਚ ਮ੍ਰਿਤਕ ਦੇ ਭਰਾ ਸ਼ੁਕੀਲ ਕੁਮਾਰ ਦੀ ਸ਼ਿਕਾਇਤ 'ਤੇ ਬੀਰੂ, ਉਸ ਦੇ ਭਰਾ ਰਾਮ ਮੋਹਨ, ਦੋਸਤ ਜਤਿੰਦਰ ਕੁਮਾਰ ਅਤੇ 3 ਅਣਪਛਾਤਿਆਂ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਦੇਰ ਰਾਤ ਕਾਰਵਾਈ ਕਰਦੇ ਹੋਏ ਇਸ ਕੇਸ 'ਚ ਪੁਲਸ ਨੇ ਬੀਰੂ, ਰਾਮ ਮੋਹਨ ਅਤੇ ਜਤਿੰਦਰ ਨੂੰ ਕਾਬੂ ਕਰ ਲਿਆ, ਜਦੋਂਕਿ ਬਾਕੀ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਾਣੀ ਭਰਨ ਕਾਰਨ ਹੋਇਆ ਸੀ ਝਗੜਾ
ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਰਾਤ ਦੀ ਹੈ। ਸ਼ੁਕੀਲ ਅਤੇ ਦੀਪਕ ਦੇ ਘਰ ਦੇ ਸਾਹਮਣੇ ਰੰਜੂ ਦੇਵੀ ਨਾਂ ਦੀ ਔਰਤ ਰਹਿੰਦੀ ਹੈ, ਜੋ ਕਿ ਉਨ੍ਹਾਂ ਦੀ ਮੂੰਹ ਬੋਲੀ ਭੈਣ ਹੈ। ਪਹਿਲਾਂ ਐਤਵਾਰ ਨੂੰ ਰੰਜੂ ਦਾ ਬੀਰੂ ਅਤੇ ਉਸ ਦੇ ਭਰਾ ਨਾਲ ਪਾਣੀ ਕਾਰਨ ਝਗੜਾ ਹੋਇਆ ਸੀ, ਜੋ ਕਿ ਬਾਅਦ 'ਚ ਮਾਮਲਾ ਸ਼ਾਂਤ ਹੋ ਗਿਆ ਸੀ। ਮੰਗਲਵਾਰ ਨੂੰ ਹੋਲੀ ਦੌਰਾਨ ਸਾਰੇ ਹੋਲੀ ਖੇਡ ਰਹੇ ਸਨ ਤਾਂ ਮੁਜਰਮ ਜੋ ਕਿ ਸ਼ਰਾਬ ਦੇ ਨਸ਼ੇ 'ਚ ਸਨ, ਨੇ ਜਾਣ-ਬੁੱਝ ਕੇ ਫਿਰ ਰੰਜੂ ਦੇਵੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਪਤੀ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਜਦੋਂ ਦੀਪਕ ਅਤੇ ਸ਼ੁਕੀਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵਿਚ ਬਚਾਅ ਲਈ ਪੁੱਜ ਗਏ, ਜਿਸ ਦੌਰਾਨ ਮੁਜਰਮਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸੇ ਦੌਰਾਨ ਮੁਜਰਮ ਬੀਰੂ ਆਪਣੇ ਕਮਰੇ ਤੋਂ ਚਾਕੂ ਲੈ ਕੇ ਅਇਆ ਅਤੇ ਉਸ ਨੇ ਇਕ ਵਾਰ ਦੀਪਕ ਦੀ ਪਿੱਠ 'ਤੇ ਅਤੇ ਦੂਜਾ ਵਾਰ ਪੇਟ ਵਾਲੇ ਪਾਸੇ ਕੀਤਾ, ਜਿਸ ਨਾਲ ਦੀਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਚਾਕੂ ਮਾਰਨ ਤੋਂ ਬਾਅਦ ਸਾਰੇ ਮੁਜਰਮ ਮੌਕੇ ਤੋਂ ਭੱਜ ਗਏ। ਇਸ ਉਪਰੰਤ ਜ਼ਖਮੀ ਦੀਪਕ ਨੂੰ ਨੇੜਲੇ ਹਪਸਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਜਿਉਂ ਹੀ ਸੂਚਨਾ ਮਿਲੀ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਕਾਰਵਾਈ ਕਰਦੇ ਹੋਏ ਛੇ ਮੁਜਰਮਾਂ 'ਤੇ ਕਤਲ ਦਾ ਕੇਸ ਦਰਜ ਕਰ ਕੇ ਬੀਰੂ, ਉਸ ਦਾ ਭਰਾ ਰਾਮ ਮੋਹਨ ਅਤੇ ਦੋਸਤ ਜਤਿੰਦਰ ਨੂੰ ਗ੍ਰਿਫਤਾਰ ਕਰ ਲਿਆ। ਬੁੱਧਵਾਰ ਨੂੰ ਸਾਰੇ ਮੁਜਰਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਮੁਜਰਮਾਂ ਤੋਂ ਪੁੱਛਗਿੱਛ ਕਰਕੇ ਉਸ ਦੇ ਸਾਥੀਆਂ ਸਬੰਧੀ ਪਤਾ ਲਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।