ਹੁਸ਼ਿਆਰਪੁਰ 'ਚ ਬੇਰਹਿਮੀ ਨਾਲ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼
Wednesday, Aug 26, 2020 - 11:35 PM (IST)
ਹੁਸ਼ਿਆਰਪੁਰ (ਮਿਸ਼ਰਾ)— ਹੁਸ਼ਿਆਰਪੁਰ 'ਚ ਆਉਟਡੋਰ ਲਾਜਵੰਤੀ ਨਗਰ ਸਟੇਡੀਅਮ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਬੇਰਹਿਮੀ ਨਾਲ ਕਤਲ ਕੀਤੀ ਇਕ ਵਿਅਕਤੀ ਦੀ ਲਾਸ਼ ਦਰੱਖ਼ਤ ਨਾਲ ਲਪਟਕੀ ਬਰਾਮਦ ਕੀਤੀ ਗਈ। ਸਵੇਰੇ ਸਟੇਡੀਅਮ 'ਚ ਸੈਰ ਕਰਨ ਜਾਂਦੇ ਸਮੇਂ ਲੋਕਾਂ ਨੇ ਲਾਸ਼ ਨੂੰ ਵੇਖਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਪਟਨ ਦੀ ਸੋਨੀਆ ਨਾਲ ਗੱਲਬਾਤ, 'ਕੋਰੋਨਾ' ਦੇ ਹਾਲਾਤ ਤੋਂ ਕਰਵਾਇਆ ਜਾਣੂੰ
ਮ੍ਰਿਤਕ ਦੀ ਜੇਬ 'ਚੋਂ ਮਿਲੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਕਾਨ ਨੰਬਰ 1172 ਗਲੀ ਨੰਬਰ-9 ਬਾਬਾ ਬੁੱਧ ਜੀ ਨਗਰ ਰਾਮਾ ਮੰਡੀ ਵਾਰਡ 13 ਦਕੋਹਾ ਜਲੰਧਰ ਦੇ ਰੂਪ 'ਚ ਹੋਈ ਹੈ। ਕੁਲਦੀਪ ਦੀ ਲਾਸ਼ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਤਿੱਖੇ ਵਾਰਾਂ ਦੇ ਨਿਸ਼ਾਨ ਮਿਲੇ ਹਨ। ਲਾਸ਼ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ ਕੁਲਦੀਪ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਮੁਨੀਸ਼ ਸ਼ਰਮਾ ਅਤੇ ਥਾਣਾ ਮਾਡਲ ਟਾਊਨ ਇੰਚਾਰਜ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ। ਡੀ.ਐੱਸ.ਪੀ. ਨੇ ਦੱਸਿਆ ਕਿ ਲਾਸ਼ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ ਉਸ ਦਾ ਕਤਲ ਕਰਕੇ ਲਾਸ਼ ਨੂੰ ਦਰੱਖ਼ਤ ਨਾਲ ਲਟਕਾਇਆ ਗਿਆ ਹੈ ਕਿਉਂਕਿ ਉਸ ਦੇ ਗਲੇ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਹੱਤਿਆ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ
ਮੌਕੇ 'ਤੇ ਮੌਜੂਦ ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਨਵੀਨ ਜੈਰਥ ਨੇ ਦੱਸਿਆ ਕਿ ਉਹ ਦੋਸਤਾਂ ਦੇ ਨਾਲ ਰੋਜ਼ਾਨਾ ਵਾਂਗ ਆਉਟਡੋਰ ਸਟੇਡੀਅਮ 'ਚ ਸੈਰ ਕਰਨ ਲਈ ਆਏ ਸਨ। ਜਦੋਂ ਉਹ ਵਾਪਸ ਜਾਣ ਲੱਗੇ ਤਾਂ ਇਕ ਬਜ਼ੁਰਗ ਜੋਕਿ ਬੰਨ੍ਹ ਵਾਲੀ ਸੜਕ 'ਤੇ ਸੈਰ ਕਰਦੇ ਹਨ, ਨੇ ਆਵਾਜ਼ ਲਗਾ ਕੇ ਦੱਸਿਆ ਕਿ ਕਿਸੇ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਹੈ। ਜਦੋਂ ਉਥੇ ਜਾ ਕੇ ਵੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ