ਕਲਵਾਣੂ ''ਚ ਅਣਪਛਾਤਿਆਂ ਵੱਲੋਂ ਵਿਅਕਤੀ ਦਾ ਗੋਲੀ ਮਾਰ ਕੇ ਕਤਲ

Sunday, Nov 29, 2020 - 03:59 PM (IST)

ਕਲਵਾਣੂ ''ਚ ਅਣਪਛਾਤਿਆਂ ਵੱਲੋਂ ਵਿਅਕਤੀ ਦਾ ਗੋਲੀ ਮਾਰ ਕੇ ਕਤਲ

ਘੱਗਾ (ਸਨੇਹੀ) : ਨੇੜਲੇ ਪਿੰਡ ਕਲਵਾਣੂ ਵਿਖੇ ਲੰਘੀ ਰਾਤ ਕਰੀਬ 12 ਵਜੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਪਿੰਡ ਕਲਵਾਣੂ ਵਿਖੇ ਤਰਸੇਮ ਸਿੰਘ ਦੇ ਘਰ ਮੋਟਰਸਾਈਕਲ 'ਤੇ ਆਏ 2 ਵਿਅਕਤੀਆਂ ਵਲੋਂ ਬੂਹਾ ਖੜਕਾਉਣ 'ਤੇ ਜਦੋਂ ਤਰਸੇਮ ਨੇ ਕੁੰਡਾ ਖੋਲ੍ਹਿਆ ਤਾਂ ਉਕਤ ਵਿਅਕਤੀ ਉਸ 'ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਅਤੇ ਗਲੇ 'ਚ ਗੋਲੀ ਲੱਗਣ ਕਾਰਨ ਲਹੂ-ਲੁਹਾਣ 40 ਸਾਲਾ ਤਰਸੇਮ ਸਿੰਘ ਦੀ ਬੂਹੇ ਅੱਗੇ ਡਿੱਗ ਕੇ ਮੌਤ ਹੋ ਗਈ।

ਤਰਸੇਮ ਕੰਬਾਈਨ ਚਾਲਕ ਸੀ ਤੇ ਸੀਜਨ ਲਾ ਕੇ ਕੁੱਝ ਦਿਨ ਪਹਿਲਾਂ ਹੀ ਘਰ ਪਰਤਿਆ ਸੀ। ਘਟਨਾ ਸੰਬੰਧੀ ਪੀੜਤ ਪਰਿਵਾਰ ਦੇ ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਰਾਤ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਨ੍ਹਾਂ ਨੂੰ ਲੱਗਾ ਕਿ ਪਿੰਡ 'ਚ ਹੋ ਰਹੇ ਵਿਆਹ 'ਚ ਕੋਈ ਪਟਾਕਾ ਚੱਲਿਆ ਹੈ।

ਉਨ੍ਹਾਂ ਦੱਸਿਆ ਕਿ ਤਰਸੇਮ ਦਾ ਕਦੇ ਕਿਸੇ ਨਾਲ ਲੜਾਈ- ਝਗੜਾ ਨਹੀਂ ਸੁਣਿਆ ਗਿਆ। ਇਸੇ ਦੌਰਾਨ ਥਾਣਾ ਘੱਗਾ ਮੁਖੀ ਮਨਦੀਪ ਕੌਰ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ 'ਤੇ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।


author

Babita

Content Editor

Related News