ਜ਼ਮੀਨੀ ਵਿਵਾਦ ਬਣਿਆ ਕਾਲ, ਇਟਲੀ ਤੋਂ 2 ਮਹੀਨੇ ਪਹਿਲਾਂ ਪਰਤੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

Tuesday, Nov 14, 2023 - 08:47 PM (IST)

ਜ਼ਮੀਨੀ ਵਿਵਾਦ ਬਣਿਆ ਕਾਲ, ਇਟਲੀ ਤੋਂ 2 ਮਹੀਨੇ ਪਹਿਲਾਂ ਪਰਤੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ

ਲੋਹੀਆਂ (ਸੁਭਾਸ਼, ਮਨਜੀਤ) : ਬੀਤੇ ਦਿਨ ਲੋਹੀਆਂ ਦੇ ਪਿੰਡ ਮਿਆਣੀ ਵਿਖੇ 2 ਮਹੀਨੇ ਪਹਿਲਾਂ ਇਟਲੀ ਤੋਂ ਪਰਤੇ ਸੰਤੋਖ ਸਿੰਘ (50) ਦਾ ਉਸ ਵੇਲੇ ਡਾਂਗਾਂ ਤੇ ਗੰਡਾਸੀਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ, ਜਦੋਂ ਉਸ ਨੇ ਟਰੈਕਟਰ ਨਾਲ ਆਪਣੇ ਖੇਤਾਂ ਨਾਲ ਲੱਗਦੀ ਜ਼ਮੀਨ ’ਚੋਂ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਸ ਨੂੰ ਬਚਾਉਣ ਆਏ ਉਸ ਦੇ ਪੁੱਤਰ ਤੇ ਮ੍ਰਿਤਕ ਦੀ ਪਤਨੀ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਬਦਮਾਸ਼ਾਂ ਨੇ ਸ਼ਰੇਆਮ ਗੰਡਾਸਿਆਂ ਨਾਲ ਵੱਢਿਆ ਨੌਜਵਾਨ, ਤਮਾਸ਼ਬੀਨ ਬਣੇ ਰਹੇ ਲੋਕ

ਜਾਣਕਾਰੀ ਅਨੁਸਾਰ ਸੰਤੋਖ ਸਿੰਘ, ਜੋ 2 ਮਹੀਨੇ ਪਹਿਲਾਂ ਹੀ ਵਿਦੇਸ਼ ’ਚੋਂ ਆਪਣੇ ਪਿੰਡ ਮਿਆਣੀ ਪੁੱਜਾ ਸੀ, ਬੀਤੇ ਦਿਨ ਜਦ ਉਸ ਨੇ ਆਪਣੇ ਖੇਤਾਂ ਨਾਲ ਲੱਗਦੀ ਜ਼ਮੀਨ ’ਚੋਂ ਟਰੈਕਟਰ ਨਾਲ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜ਼ਮੀਨ ਦੇ ਮਾਲਕਾਂ ਨੇ ਉਸ ਨੂੰ ਨੂੰ ਡਾਂਗਾਂ ਤੇ ਗੰਡਾਸੀਆਂ ਨਾਲ ਕੁੱਟ-ਕੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸੰਤੋਖ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਰੌਲ਼ਾ ਪੈਂਦਾ ਸੁਣਿਆ ਤੇ ਉਹ ਤੇ ਉਸ ਦੇ ਪੁੱਤਰ ਸਰਬਜੀਤ ਸਿੰਘ ਨੇ ਦੇਖਿਆ ਕਿ ਕੁਝ ਲੋਕ ਉਸ ਦੇ ਪਤੀ ਨੂੰ ਬੜੀ ਬੇਰਹਿਮੀ ਨਾਲ ਕੁੱਟ ਰਹੇ ਸਨ, ਜਿਨ੍ਹਾਂ ’ਚ ਮਨਪ੍ਰੀਤ ਸਿੰਘ ਪੁੱਤਰ ਲਾਲ ਸਿੰਘ, ਗੁਰਮੇਲ ਸਿੰਘ ਪੁੱਤਰ ਅਜੀਤ ਸਿੰਘ, ਕੁਲਵੰਤ ਸਿੰਘ ਪੁੱਤਰ ਨਿਰਮਲ ਸਿੰਘ, ਕਰਨੈਲ ਸਿੰਘ ਪੁੱਤਰ ਨਿਰਮਲ ਸਿੰਘ, ਬਖ਼ਸ਼ੀਸ਼ ਕੌਰ ਪਤਨੀ ਕੁਲਵੰਤ ਸਿੰਘ, ਮਨਦੀਪ ਕੌਰ ਪਤਨੀ ਕਰਨੈਲ ਸਿੰਘ, ਬਲਜਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ, ਅਮਰਜੀਤ ਕੌਰ ਪਤਨੀ ਲਾਲ ਸਿੰਘ ਤੇ ਸਰਬਜੀਤ ਕੌਰ ਪਤਨੀ ਗੁਰਮੇਲ ਸਿੰਘ (ਸਾਰੇ ਵਾਸੀ ਮਿਆਣੀ) ਸ਼ਾਮਲ ਸਨ।

ਇਹ ਵੀ ਪੜ੍ਹੋ : ਅਮਰੀਕਾ 'ਚ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਸਦਮੇ 'ਚ ਪਰਿਵਾਰ, ਪਿੰਡ 'ਚ ਸੋਗ ਦੀ ਲਹਿਰ

ਉਹ ਤੇ ਉਸ ਦਾ ਪੁੱਤਰ ਜਦ ਸੰਤੋਖ ਸਿੰਘ ਨੂੰ ਬਚਾਉਣ ਲਈ ਅੱਗੇ ਆਏ ਤਾਂ ਉਨ੍ਹਾਂ ਦੋਵਾਂ ਨੂੰ ਵੀ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਸਾਰੇ ਕਥਿਤ ਦੋਸ਼ੀ ਫਰਾਰ ਹੋ ਗਏ। ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਕੇ ਲਹੂ-ਲੁਹਾਨ ਹੋ ਚੁੱਕਾ ਸੀ, ਜਿਸ ਨੂੰ ਉਨ੍ਹਾਂ ਸਰਕਾਰੀ ਹਸਪਤਾਲ ਲੋਹੀਆਂ ਪਹੁੰਚਾਇਆ ਪਰ ਗੰਭੀਰ ਜ਼ਖ਼ਮੀ ਹੋਣ ਕਰਕੇ ਜਲੰਧਰ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸੰਤੋਖ ਸਿੰਘ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਪੈ ਗਿਆ ਚੀਕ-ਚਿਹਾੜਾ, ਔਰਤ ਦੀ ਮੌਕੇ 'ਤੇ ਮੌਤ

ਇਸ ਮੌਕੇ ਥਾਣਾ ਲੋਹੀਆਂ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਧਾਰਾ 307 ਨੂੰ 302 ’ਚ ਬਦਲ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ, ਗੁਰਮੇਲ ਸਿੰਘ ਪੁੱਤਰ ਅਜੀਤ ਸਿੰਘ ਤੇ ਕੁਲਵੰਤ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਫਰਾਰ 6 ਕਥਿਤ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਸ ਵੱਲੋਂ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ। ਸੰਤੋਖ ਸਿੰਘ ਦੇ ਜਵਾਈ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਫਤਿਹਪੁਰ ਥਾਣਾ ਨੂਰਮਹਿਲ ਨੇ ਦੱਸਿਆ ਕਿ ਮ੍ਰਿਤਕ ਦਾ ਉਸ ਵੇਲੇ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ, ਜਦ ਤੱਕ ਸਾਰੇ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਜਾਂਦੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News