ਤਰਨਤਾਰਨ ਸ਼ਹਿਰ ’ਚ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਪ੍ਰੇਸ਼ਾਨ
Saturday, May 02, 2026 - 12:20 PM (IST)
ਤਰਨਤਾਰਨ (ਰਮਨ)- ਸਥਾਨਕ ਸ਼ਹਿਰ ਦੇ ਵਿਚ ਹੋ ਰਹੀਆਂ ਲਗਾਤਾਰ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜਿਸ ਦੇ ਚੱਲਦਿਆਂ ਸ਼ਹਿਰ ਵਾਸੀ ਕਾਫੀ ਜ਼ਿਆਦਾ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਜ਼ਿਲ੍ਹੇ ਦੇ ਐੱਸ.ਐੱਸ.ਪੀ ਪਾਸੋਂ ਮੰਗ ਹੈ ਕਿ ਇਨ੍ਹਾਂ ਵਾਰਦਾਤਾਂ ਤੋਂ ਉਨ੍ਹਾਂ ਨੂੰ ਨਿਜਾਤ ਦਿਵਾਈ ਜਾਵੇ। ਬੀਤੇ ਕੁਝ ਦਿਨ ਪਹਿਲਾਂ ਸ਼ਹਿਰ ਵਿਚੋਂ ਚੋਰੀ ਹੋਏ ਮੋਟਰਸਾਈਕਲਾਂ ਦੀ ਪੁਲਸ ਵੱਲੋਂ ਜਿੱਥੇ ਭਾਲ ਤੱਕ ਨਹੀਂ ਕੀਤੀ ਗਈ, ਉਥੇ ਹੀ ਕਰੀਬ ਇਕ ਮਹੀਨਾ ਪਹਿਲਾਂ ਨਿੱਜੀ ਟੀ.ਵੀ ਚੈਨਲ ਦੇ ਪੱਤਰਕਾਰ ਦੇ ਸ਼ਰੇਆਮ ਸ਼ਹਿਰ ’ਚੋਂ ਖੋਹੇ ਗਏ ਫੋਨ ਦੇ ਸਬੰਧੀ ਪੁਲਸ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਨੀ ਮੁਨਾਸਿਬ ਨਹੀਂ ਸਮਝੀ। ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਜਾਣਕਾਰੀ ਦਿੰਦੇ ਹੋਏ ਸਥਾਨਕ ਫਤਿਹਚੱਕ ਦੇ ਨਿਵਾਸੀ ਰਣਬੀਰ ਸਿੰਘ ਪੁੱਤਰ ਮੱਸਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸ਼ਹਿਰ ਵਿਚ ਕਿਸੇ ਕੰਮ ਲਈ ਆਪਣੇ ਹੀਰੋ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਸਨ ਤਾਂ ਉਸ ਦਾ ਅੰਮ੍ਰਿਤਸਰ ਰੋਡ ਨਜ਼ਦੀਕ ਬੈਂਕ ਨੇੜਿਓਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪ੍ਰੰਤੂ ਕੋਈ ਵੀ ਸੁਣਵਾਈ ਨਹੀਂ ਹੋਈ।ਇਸੇ ਤਰ੍ਹਾਂ ਜਾਣਕਾਰੀ ਦਿੰਦੇ ਹੋਏ ਸੁਖਚੈਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਸਰਾਏ ਅਮਾਨਤ ਖਾਂ ਨੇ ਦੱਸਿਆ ਕਿ ਜਦੋਂ ਉਹ ਤਰਨਤਾਰਨ ਸ਼ਹਿਰ ਵਿਚ ਨਜ਼ਦੀਕ ਗੋਇੰਦਵਾਲ ਸਾਹਿਬ ਵਿਖੇ ਪੁੱਜੇ ਤਾਂ ਇਕ ਦੁਕਾਨ ਨਜ਼ਦੀਕ ਮੋਟਰਸਾਈਕਲ ਨੂੰ ਖੜ੍ਹਾ ਕਰ ਦਿੱਤਾ ਗਿਆ, ਜਿੱਥੋਂ ਅਣਪਛਾਤੇ ਵਿਅਕਤੀ ਨੇ ਉਸਦਾ ਮੋਟਰਸਾਈਕਲ ਚੋਰੀ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ: ਸ਼ਹਿਰ ਵਿਚਾਲੇ ਗ੍ਰਨੇਡ ਸੁੱਟਣ ਵਾਲੇ ਦੀ ਹੋਈ ਪਛਾਣ, ਪੁਲਸ ਨੇ ਤਸਵੀਰ ਕੀਤੀ ਜਾਰੀ
ਓਧਰ ਜਾਣਕਾਰੀ ਦਿੰਦੇ ਹੋਏ ਪੀ.ਟੀ.ਸੀ ਚੈਨਲ ਦੇ ਪੱਤਰਕਾਰ ਪਵਨ ਕੁਮਾਰ ਸ਼ਰਮਾ ਪੁੱਤਰ ਬਲਦੇਵ ਰਾਜ ਸ਼ਰਮਾ ਵਾਸੀ ਫਤਿਆਬਾਦ ਨੇ ਦੱਸਿਆ ਕਿ ਬੀਤੀ 27 ਮਾਰਚ ਨੂੰ ਸਵੇਰੇ ਕਰੀਬ 10 ਵਜੇ ਜਦੋਂ ਉਹ ਬੱਸ ਅੱਡੇ ਤੋਂ ਬੋਹੜੀ ਚੌਂਕ ਨੂੰ ਆ ਰਹੇ ਸਨ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਨਜ਼ਦੀਕ ਕਾਲੇ ਰੰਗ ਦੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਗਿਆ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰਾਮ ਨਾਲ ਮੌਕੇ ਤੋਂ ਫਰਾਰ ਹੋ ਗਏ। ਪਵਨ ਸ਼ਰਮਾ ਨੇ ਦੱਸਿਆ ਕਿ ਇਸ ਵਾਰਦਾਤ ਦੀ ਸੂਚਨਾ ਉਨ੍ਹਾਂ ਵੱਲੋਂ ਤੁਰੰਤ ਥਾਣਾ ਸਿਟੀ ਤਰਨਤਾਰਨ ਪੁਲਸ ਨੂੰ ਲਿਖਤੀ ਰੂਪ ਵਿਚ ਦੇ ਦਿੱਤੀ ਗਈ ਸੀ ਪ੍ਰੰਤੂ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਪੁਲਸ ਵੱਲੋਂ ਨਾ ਤਾਂ ਪਰਚਾ ਦਰਜ ਕੀਤਾ ਗਿਆ ਅਤੇ ਨਾ ਹੀ ਮੁਲਜ਼ਮਾਂ ਦੀ ਭਾਲ ਸਬੰਧੀ ਕੋਈ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪਵਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਰੋਜ਼ਾਨਾ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਹੈ ਅਤੇ ਲੋਕਾਂ ਦੇ ਮੋਬਾਈਲ ਫੋਨ ਖੋਹੇ ਜਾ ਰਹੇ ਹਨ, ਜਿਸ ਤੋਂ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਾਫ ਤੌਰ ਉਪਰ ਵੇਖਣ ਨੂੰ ਮਿਲ ਰਹੀ ਹੈ। ਪਵਨ ਸ਼ਰਮਾ ਨੇ ਦੱਸਿਆ ਕਿ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਵਿਚ ਪੁਲਸ ਦੀ ਕਾਰਵਾਈ ਢਿੱਲੀ ਨਜ਼ਰ ਆ ਰਹੀ ਹੈ, ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਅਟਾਰੀ ਰਿਟਰੀਟ ਸੈਰੇਮਨੀ ਨੂੰ ਲੈ ਕੇ ਅਹਿਮ ਖ਼ਬਰ, ਬਦਲਿਆ ਸਮਾਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਨਵਦੀਪ ਭੱਟੀ ਨੇ ਦੱਸਿਆ ਕਿ ਪੁਲਸ ਗਸ਼ਤ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਪੱਤਰਕਾਰ ਪਵਨ ਸ਼ਰਮਾ ਦੇ ਖੋਹੇ ਗਏ ਫੋਨ ਸਬੰਧੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
