ਵਿਆਹ ਦਾ ਝਾਂਸਾ ਦੇ ਕੇ 6 ਮਹੀਨੇ ਤੱਕ ਬਣਾਏ ਸਰੀਰਕ ਸਬੰਧ
Saturday, Jan 04, 2025 - 03:32 PM (IST)
ਖਰੜ (ਰਣਬੀਰ, ਅਮਰਦੀਪ) : ਆਪਣੇ ਪਤੀ ਨਾਲੋਂ ਵੱਖ ਰਹਿ ਰਹੀ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਅਤੇ ਬਾਅਦ ’ਚ ਵਿਆਹ ਤੋਂ ਮੁੱਕਰ ਜਾਣ ਵਾਲੇ ਵਿਆਹੁਤਾ ਤਲਵਿੰਦਰ ਸਿੰਘ ਖ਼ਿਲਾਫ਼ ਸਿਟੀ ਖਰੜ ਪੁਲਸ ਨੇ ਇਸ ਨਵੇਂ ਵਰ੍ਹੇ 2025 ਦਾ ਪਹਿਲਾ ਮੁਕੱਦਮਾ ਦਰਜ ਕੀਤਾ ਹੈ। ਪੀੜਤਾ ਮੁਤਾਬਕ ਉਸ ਦੀ ਮੁਲਾਕਾਤ ਤਲਵਿੰਦਰ ਸਿੰਘ ਨਾਲ ਹੋਈ, ਜੋ ਸਕਿਓਰਿਟੀ ਸੁਪਰਵਾਈਜ਼ਰ ਸੀ। ਹੌਲੀ-ਹੌਲੀ ਆਪਸ 'ਚ ਚੰਗੀ ਜਾਣ-ਪਛਾਣ ਹੋਣ ਪਿੱਛੋਂ ਤਲਵਿੰਦਰ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ।
ਇਸ ਦੌਰਾਨ ਉਸ ਨੇ ਡਿਊਟੀ ਤੋਂ ਪਹਿਲਾਂ ਘਰੋਂ ਲੈ ਕੇ ਜਾਣਾ ਅਤੇ ਪਿੱਛੋਂ ਘਰ ਛੱਡ ਕੇ ਆਉਣਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਉਹ ਉਸ ਦੇ ਘਰ ਰਾਤ ਰੁਕਣ ਲੱਗਾ। 6 ਮਹੀਨੇ ਉਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਉਸ ਨੂੰ ਵਿਆਹ ਲਈ ਆਖਣ ’ਤੇ ਉਸ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਅਜਿਹਾ ਵਤੀਰਾ ਦੇਖ ਉਹ ਜਦੋਂ ਉਸ ਦੇ ਘਰ ਗਈ ਤਾਂ ਉਸ ਨੇ ਆਪਣੀ ਘਰ ਵਾਲੀ ਸਮੇਤ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਮੁਲਜ਼ਮ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।