ਪੈਦਲ ਜਾ ਰਹੇ ਵਿਅਕਤੀ ਨੂੰ ਕਾਰ ਨੇ ਮਾਰੀ ਟੱਕਰ, ਪੀ. ਜੀ. ਆਈ. ''ਚ ਇਲਾਜ ਦੌਰਾਨ ਮੌਤ
Saturday, Aug 20, 2022 - 06:38 PM (IST)
 
            
            ਰੂਪਨਗਰ (ਵਿਜੇ) : ਸੜਕ ਹਾਦਸੇ ’ਚ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਸਿਟੀ ਪੁਲਸ ਨੇ ਦੋਸ਼ੀ ਨਾ ਮਾਲੂਮ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਸ਼ਿਕਾਇਤ ਕਰਤਾ ਜਗਦੀਪ ਸਿੰਘ ਪੁੱਤਰ ਉਪਕਾਰ ਸਿੰਘ ਨਿਵਾਸੀ ਪਿੰਡ ਗੜਡੋਲੀਆਂ, ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਉਪਕਾਰ ਸਿੰਘ ਨਾਲ ਨਿੱਜੀ ਕੰਮ ਲਈ ਰੂਪਨਗਰ ਆਇਆ ਸੀ। ਉਸ ਦੇ ਪਿਤਾ ਹੌਲੀ-ਹੌਲੀ ਸਕੱਤਰੇਤ ਵੱਲ ਨੂੰ ਜਾ ਰਹੇ ਸੀ ਤਾਂ ਇਕ ਚੰਡੀਗੜ੍ਹ ਨੰਬਰ ਵਾਲੀ ਇਨੋਵਾ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਕਰਾਸ ਕਰ ਕੇ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਹੋਏ ਕਾਰ ਨਾਲ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ।
ਜਿਸ ਨਾਲ ਉਸਦੇ ਪਿਤਾ ਦੇ ਕਾਫੀ ਸੱਟਾਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਇਲਾਜ ਲਈ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਪਰ ਉੱਥੇ ਇਲਾਜ ਦੌਰਾਨ ਉਪਕਾਰ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਨਾ ਮਾਲੂਮ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            