ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਦੌਰਾਨ ਵਿਅਕਤੀ ਦੀ ਮੌਤ
Monday, Mar 08, 2021 - 04:23 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਚੰਨੋਂ ਵਿਖੇ ਅਲਟੋ ਕਾਰ ਵੱਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਘਟਨਾ ਸਬੰਧੀ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਨਿਰਭੈ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਭੀਮਾ ਖੇੜੀ ਤਹਿਸੀਲ ਸਮਾਣਾ ਨੇ ਦੱਸਿਆ ਕਿ ਉਹ ਪਿੰਡ ਚੰਨੋਂ ਵਿਖੇ ਇਕ ਨਿੱਜੀ ਸਕੂਲ ਦੇ ਸਾਹਮਣੇ ਸਥਿਤ ਇਕ ਆਲੂਆਂ ਦੇ ਸਟੋਰ ’ਚ ਕਿਸੇ ਕੰਮ ਲਈ ਆਇਆ ਸੀ।
ਜਦੋਂ ਉਹ ਸਟੋਰ ਅੰਦਰੋਂ ਆਪਣਾ ਕੰਮ ਨਿਬੇੜ ਕੇ ਬਾਹਰ ਆਇਆ ਤਾਂ ਉਸ ਦੇ ਦੇਖਦੇ ਹੀ ਦੇਖਦੇ ਇਕ ਅਲਟੋ ਕਾਰ ਨੇ ਉਸ ਦੇ ਤਾਏ ਦੇ ਪੁੱਤਰ ਨਰਾਇਣ ਸਿੰਘ ਉਰਫ਼ ਗਗਨ ਪੁੱਤਰ ਕਾਕਾ ਸਿੰਘ ਵਾਸੀ ਭੀਮਾ ਖੇੜੀ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਨਰਾਇਣ ਸਿੰਘ ਆਪਣੇ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਪਿਆ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ।
ਬਾਅਦ 'ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਹਾਦਸੇ ਸਮੇਂ ਉਸ ਦੇ ਨਰਾਇਣ ਸਿੰਘ ਆਪਣੇ ਮੋਟਰਸਾਈਕਲ ਰਾਹੀ ਪਿੰਡ ਗੱਜੂਮਾਜਰਾ ਤੋਂ ਆਪਣੇ ਪਿੰਡ ਭੀਮਾ ਖੇੜੀ ਜਾ ਰਿਹਾ ਸੀ। ਪੁਲਸ ਨੇ ਨਿਰਭੈ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਕੇ ਅਲਟੋ ਕਾਰ ਦੇ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।