ਕੁੱਟਮਾਰ ਤੋਂ ਦੁਖ਼ੀ ਪਤਨੀ ਨੇ ਪੁੱਤ ਨਾਲ ਮਿਲ ਜ਼ਖਮੀ ਕੀਤਾ ਪਤੀ, ਇਲਾਜ ਦੌਰਾਨ ਮੌਤ

Tuesday, Jun 07, 2022 - 11:28 AM (IST)

ਕੁੱਟਮਾਰ ਤੋਂ ਦੁਖ਼ੀ ਪਤਨੀ ਨੇ ਪੁੱਤ ਨਾਲ ਮਿਲ ਜ਼ਖਮੀ ਕੀਤਾ ਪਤੀ, ਇਲਾਜ ਦੌਰਾਨ ਮੌਤ

ਸਾਹਨੇਵਾਲ (ਜ. ਬ.) : ਪਤੀ ਦੀ ਨਿੱਤ ਦਿਹਾੜੇ ਸ਼ਰਾਬ ਦੇ ਨਸ਼ੇ 'ਚ ਕੀਤੀ ਜਾਣ ਵਾਲੀ ਕੁੱਟਮਾਰ ਅਤੇ ਲੜਾਈ-ਝਗੜੇ ਤੋਂ ਦੁਖੀ ਹੋ ਕੇ ਇਕ ਜਨਾਨੀ ਨੇ ਆਪਣੇ ਪੁੱਤਰ ਨਾਲ ਮਿਲ ਕੇ ਪਹਿਲਾਂ ਉਸ 'ਤੇ ਕਥਿਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕੀਤਾ ਅਤੇ ਫਿਰ ਜ਼ਖਮੀ ਹਾਲਤ 'ਚ ਖ਼ੁਦ ਹੀ ਹਸਪਤਾਲ ਦਾਖ਼ਲ ਕਰਵਾਇਆ। ਗੰਭੀਰ ਜ਼ਖਮੀ ਹੋਏ ਪਤੀ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਚੌਂਕੀ ਕੰਗਣਵਾਲ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਪਤਨੀ ਅਤੇ ਪੁੱਤਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਚੌਂਕੀ ਕੰਗਣਵਾਲ ਦੇ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (55) ਪੁੱਤਰ ਮੋਹਣ ਸਿੰਘ ਵਾਸੀ ਮੱਕੜ ਕਾਲੋਨੀ, ਢੰਡਾਰੀ ਕਲਾਂ ਦੇ ਰੂਪ 'ਚ ਹੋਈ ਹੈ। ਮ੍ਰਿਤਕ ਇਕ ਫੈਕਟਰੀ 'ਚ ਕੰਮ ਕਰਦਾ ਸੀ ਅਤੇ ਰੋਜ਼ ਰਾਤ ਨੂੰ ਸ਼ਰਾਬ ਦੇ ਨਸ਼ੇ 'ਚ ਆਪਣੀ ਪਤਨੀ ਨਾਲ ਝਗੜਾ ਕਰਦਾ ਹੋਇਆ ਕੁੱਟਮਾਰ ਕਰਦਾ ਸੀ। ਬੀਤੀ 5 ਜੂਨ ਨੂੰ ਵੀ ਮ੍ਰਿਤਕ ਕੁਲਵਿੰਦਰ ਨੇ ਸ਼ਰਾਬ ਪੀ ਕੇ ਆਪਣੀ ਪਤਨੀ ਨਾਲ ਝਗੜਾ ਕੀਤਾ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਪਰ ਘਰ 'ਚ ਮੌਜੂਦ ਮ੍ਰਿਤਕ ਦੇ 18 ਸਾਲਾ ਪੁੱਤਰ ਕਰਨਵੀਰ ਸਿੰਘ ਨੇ ਤੈਸ਼ 'ਚ ਆ ਕੇ ਕਥਿਤ ਨੁਕੀਲੀ ਚੀਜ਼ ਨਾਲ ਕੁਲਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ, ਜਿਸ 'ਚ ਉਸ ਦੀ ਮਾਂ ਅਤੇ ਕੁਲਵਿੰਦਰ ਦੀ ਪਤਨੀ ਮਨਜੀਤ ਕੌਰ ਨੇ ਉਸ ਦਾ ਸਾਥ ਦਿੱਤਾ।

ਜਦੋਂ ਬੁਰੀ ਤਰ੍ਹਾਂ ਹਮਲੇ ਨਾਲ ਕੁਲਵਿੰਦਰ ਗੰਭੀਰ ਜ਼ਖਮੀ ਹੋ ਗਿਆ ਤਾਂ ਦੋਵੇਂ ਮਾਂ-ਪੁੱਤ ਉਸ ਨੂੰ ਜ਼ਖਮੀ ਹਾਲਤ 'ਚ ਹੀ ਇਕ ਨਿੱਜੀ ਹਸਪਤਾਲ 'ਚ ਲੈ ਗਏ, ਜਿੱਥੇ ਕੁਲਵਿੰਦਰ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਚੌਂਕੀ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦਿਆਲ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕਲੇਰ ਸਾਈਂ, ਥਾਣਾ ਚੁਗਾਵਾਂ ਦੇ ਬਿਆਨਾਂ 'ਤੇ ਦੋਵੇਂ ਮਾਂ-ਪੁੱਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News