ਆਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਮੌਤ

Monday, May 10, 2021 - 05:13 PM (IST)

ਆਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਮੌਤ

ਸਿੱਧਵਾਂ ਬੇਟ (ਚਾਹਲ) : ਪਿੰਡ ਕਾਕੜ ਤਿਹਾੜਾ ਦੇ ਖੇਤਾਂ ਵਿਚ ਕੰਮ ਕਰਦੇ ਇੱਕ ਵਿਅਕਤੀ 'ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰਾਪਤੀ ਜਾਣਕਾਰੀ ਅਨੁਸਾਰ ਅਜੈਬ ਸਿੰਘ (57) ਪੁੱਤਰ ਮਲਕੀਤ ਸਿੰਘ ਵਾਸੀ ਇੰਦਰਗੜ੍ਹ ਆਪਣੇ ਭਰਾ ਜਗਰਾਜ ਸਿੰਘ ਤੇ ਭਤੀਜੇ ਜਸਵਿੰਦਰ ਸਿੰਘ ਨਾਲ ਕਿਸਾਨ ਪ੍ਰਿਤਪਾਲ ਸਿੰਘ ਦੇ ਖੇਤ ਵਿਚ ਤੂੜੀ ਦੀ ਧੜ 'ਤੇ ਮਿੱਟੀ ਪਾ ਰਿਹਾ ਸੀ। ਇਸ ਦੌਰਾਨ ਮੀਂਹ ਤੇ ਹਨ੍ਹੇਰੀ ਆਉਣ ਕਾਰਣ ਉਹ ਮੋਟਰ ਵਾਲੇ ਕਮਰੇ ਵੱਲ ਤੁਰ ਪਏ।

ਰਾਹ 'ਚ ਜਾਂਦੇ ਸਮੇਂ ਅਚਾਨਕ ਅਸਮਾਨੀ ਬਿਜਲੀ ਅਜੈਬ ਸਿੰਘ 'ਤੇ ਡਿੱਗ ਪਈ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਖੇਤ ਮਾਲਕ ਪ੍ਰਿਤਪਾਲ ਸਿੰਘ ਵੀ ਬਿਜਲੀ ਦੇ ਧਮਾਕੇ ਨਾਲ ਬੇਹੋਸ਼ ਹੋ ਗਿਆ, ਜਿਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਬਾਅਦ 'ਚ ਠੀਕ ਹੋਣ 'ਤੇ ਉਸ ਨੂੰ ਘਰ ਭੇਜ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਜਗਰਾਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


author

Babita

Content Editor

Related News