ਪੰਜਾਬ 'ਚ ਜਾਨਲੇਵਾ ਹੋਈ ਕੜਾਕੇ ਦੀ ਠੰਡ, ਅੰਮ੍ਰਿਤਸਰ 'ਚ ਇਕ ਵਿਅਕਤੀ ਦੀ ਮੌਤ
Saturday, Jan 07, 2023 - 10:32 AM (IST)
ਅੰਮ੍ਰਿਤਸਰ (ਰਮਨ) : ਗੁਰੂ ਨਗਰੀ 'ਚ ਠੰਡ ਨੇ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਸ਼ਹਿਰ 'ਚ ਠੰਡ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਜਨਵਰੀ ਮਹੀਨੇ 'ਚ ਠੰਡ ਨੇ ਆਪਣਾ ਪੂਰਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਠੰਡ 'ਚ ਬੱਚੇ ਅਤੇ ਬਜ਼ੁਰਗ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਵਾਰ ਠੰਡ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸਮੇਂ ਠੰਡ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਸ਼ਹਿਰ 'ਚ ਵੱਧ ਤੋਂ ਵੱਧ ਤਾਪਮਾਨ 10.8 ਅਤੇ ਘੱਟੋ-ਘੱਟ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪੂਰਾ ਦਿਨ ਹਲਕੀ ਧੁੰਦ ਅਤੇ ਬੱਦਲਵਾਈ ਛਾਈ ਰਹੀ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਜਾਣੋ ਕਿਹੜੇ-ਕਿਹੜੇ ਲਏ ਗਏ ਅਹਿਮ ਫ਼ੈਸਲੇ
ਹਾਈਵੇਅ ’ਤੇ ਸੰਘਣੀ ਧੁੰਦ
ਸ਼ਹਿਰ ਦੇ ਬਾਹਰਲੇ ਹਾਈਵੇਅ 'ਤੇ ਸਵੇਰੇ-ਸ਼ਾਮ ਸੰਘਣੀ ਧੁੰਦ ਛਾਈ ਰਹਿੰਦੀ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ 'ਤੇ ਵਾਹਨ ਰੇਂਗਦੇ ਨਜ਼ਰ ਆ ਰਹੇ ਹਨ। ਇਸ ਕੜਾਕੇ ਦੀ ਠੰਡ 'ਚ ਦੋਪਹੀਆ ਵਾਹਨ ਚਾਲਕਾਂ ਦਾ ਬੁਰਾ ਹਾਲ ਹੈ, ਜਦੋਂਕਿ ਲੋਕ ਜ਼ਿਆਦਾਤਰ ਕਾਰਾਂ ਲੈ ਕੇ ਹੀ ਘਰੋਂ ਨਿਕਲ ਰਹੇ ਹਨ। ਇਸ ਕਾਰਨ ਸ਼ਹਿਰ 'ਚ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮੋਹਾਲੀ ਦੇ ਬਰਖ਼ਾਸਤ ਮੇਅਰ ਦੀ ਪਟੀਸ਼ਨ ’ਤੇ ਹਾਈਕੋਰਟ ਦਾ ਸੁਣਵਾਈ ਤੋਂ ਇਨਕਾਰ
ਸਵੇਰੇ ਕੰਮ ਕਰਨ ਵਾਲਿਆਂ ਨੂੰ ਠੰਡ ਦਾ ਕਰਨਾ ਪੈਂਦਾ ਹੈ ਸਾਹਮਣਾ
ਸਵੇਰ ਸਮੇਂ ਸਬਜ਼ੀ ਮੰਡੀ ਜਾਣ ਵਾਲੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਜਾਣ 'ਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਦੁੱਧ ਵਿਕਰੇਤਾਵਾਂ ਦੇ ਨਾਲ-ਨਾਲ ਅਖ਼ਬਾਰਾਂ ਵੰਡਣ ਵਾਲਿਆਂ ਅਤੇ ਹਲਵਾਈਆਂ ਨੂੰ ਵੀ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਤ ਦੀ ਠੰਡ ਕਾਰਨ ਪਾਰਕਾਂ 'ਚ ਸੈਰ ਕਰਨ ਵਾਲੇ ਲੋਕਾਂ 'ਚ ਕਮੀ ਆਈ ਹੈ। ਠੰਡ ਕਾਰਨ ਕੁੱਝ ਲੋਕਾਂ ਨੇ ਸਵੇਰ ਦੀ ਸੈਰ ਕਰਨੀ ਬੰਦ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ