ਮੋਟਰਸਾਈਕਲ ਰੇਹੜੀ ਚਾਲਕ ਨੇ ਬੁਲੇਟ ਚਾਲਕ ਨੂੰ ਮਾਰੀ ਟੱਕਰ, ਮੌਤ
Thursday, Jul 07, 2022 - 11:16 AM (IST)
 
            
            ਸਾਹਨੇਵਾਲ (ਜ. ਬ.) : ਬੁਲੇਟ ਮੋਟਰਸਾਈਕਲ ਸਵਾਰ ਇਕ 49 ਸਾਲਾ ਵਿਅਕਤੀ ਨੂੰ ਮੋਟਰਸਾਈਕਲ ਰੇਹੜੀ ਚਾਲਕ ਵੱਲੋਂ ਲਾਪਰਵਾਹੀ ਨਾਲ ਮਾਰੀ ਗਈ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਕੂੰਮਕਲਾਂ ਦੀ ਪੁਲਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ’ਤੇ ਮੋਟਰਸਾਈਕਲ-ਰੇਹੜੀ ਚਾਲਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਗੁਰਕਰਨਜੋਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਕਾਲਸ ਕਲਾਂ, ਲੁਧਿਆਣਾ ਨੇ ਦੱਸਿਆ ਕਿ ਬੀਤੀ 4 ਜੁਲਾਈ ਨੂੰ ਉਸ ਦੇ ਪਿਤਾ ਹੀਰਾ ਸਿੰਘ (49) ਬੁਲੇਟ ਮੋਟਰਸਾਈਕਲ ਰਾਹੀਂ ਕਰੀਬ 8 ਵਜੇ ਰਾਤ ਪਿੰਡ ਕਾਲਸ ਕਲਾਂ ਨੂੰ ਜਾ ਰਹੇ ਸਨ।
ਰਸਤੇ ’ਚ ਪਿੰਡ ਗਹਿਲੇਵਾਲ ਦੇ ਬਿਜਲੀ ਗਰਿੱਡ ਦੇ ਨਜ਼ਦੀਕ ਇਕ ਟੀ. ਵੀ. ਐੱਸ. ਮੋਟਰਸਾਈਕਲ ਰੇਹੜੀ ਬਿਨਾਂ ਨੰਬਰੀ ਦੇ ਚਾਲਕ, ਜਿਸ ’ਚ ਕਰੀਬ 4-5 ਵਿਅਕਤੀ ਹੋਰ ਵੀ ਸਵਾਰ ਸਨ, ਅਚਾਨਕ ਦੂਜੀ ਸਾਈਡ ਤੋਂ ਸਾਹਮਣੇ ਆ ਗਏ, ਜਿਸ ਨਾਲ ਹੀਰਾ ਸਿੰਘ ਦੀ ਸੱਜੀ ਲੱਤ ਕਈ ਜਗ੍ਹਾ ਤੋਂ ਟੁੱਟ ਗਈ। ਮੋਟਰਸਾਈਕਲ-ਰੇਹੜੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਗੁਰਕਰਨਜੋਤ ਕੁੱਝ ਲੋਕਾਂ ਦੀ ਮਦਦ ਨਾਲ ਆਪਣੇ ਪਿਤਾ ਹੀਰਾ ਸਿੰਘ ਨੂੰ ਫੋਰਟਿਸ ਹਸਪਤਾਲ ਲੈ ਕੇ ਪਹੁੰਚਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਕੂੰਮਕਲਾਂ ਦੀ ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            