ਦਰੱਖਤ ਤੋਂ ਜਾਮਣਾਂ ਤੋੜਦੇ ਸਮੇਂ ਡਿੱਗਣ ਕਾਰਣ ਵਿਅਕਤੀ ਦੀ ਮੌਤ

Wednesday, Jun 29, 2022 - 01:20 PM (IST)

ਦਰੱਖਤ ਤੋਂ ਜਾਮਣਾਂ ਤੋੜਦੇ ਸਮੇਂ ਡਿੱਗਣ ਕਾਰਣ ਵਿਅਕਤੀ ਦੀ ਮੌਤ

ਅੱਪਰਾ (ਦੀਪਾ) : ਇਲਾਕੇ ਭਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਕਰੀਬੀ ਪਿੰਡ ਸਮਰਾੜੀ ਵਿਖੇ ਜਾਮਣ ਦੇ ਦਰੱਖਤ ਤੋਂ ਜਾਮਣਾਂ ਤੋੜ ਰਹੇ ਇੱਕ ਵਿਅਕਤੀ ਦੀ ਜ਼ਮੀਨ 'ਤੇ ਡਿੱਗਣ ਕਾਰਣ ਮੌਤ ਹੋ ਗਈ। ਇਸ ਸਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਮ੍ਰਿਤਕ ਜਗਨ ਨਾਥ ਉਰਫ਼ ਜੱਗੂ (45) ਪੁੱਤਰ ਫਕੀਰ ਚੰਦ ਵਾਸੀ ਪਿੰਡ ਸਮਰਾੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਗਨ ਨਾਥ ਪਿੰਡ 'ਚ ਹੀ ਕੱਪੜੇ ਸਿਲਾਈ ਕਰਨ ਦੀ ਦੁਕਾਨ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ।

ਬੀਤੇ ਦਿਨ ਦੁਪਿਹਰ ਦੇ ਸਮੇਂ ਉਹ ਪਿੰਡ ਸਮਰਾੜੀ ਵਿਖੇ ਹੀ ਫਲਪੋਤਾ ਰੋਡ 'ਤੇ ਇੱਕ ਖੂਹ ਤੋਂ ਆਪਣੇ ਪੁੱਤਰ ਤੇ ਪੁੱਤਰੀ ਦੇ ਨਾਲ ਜਾਮਣਾਂ ਤੋੜਨ ਗਿਆ। ਇਸ ਦੌਰਾਨ ਦਰੱਖਤ ਤੋਂ ਜਾਮਣਾਂ ਤੋੜਨ ਸਮੇਂ ਅਚਾਨਕ ਸੰਤੁਲਨ ਵਿਗੜ ਜਾਣ ਕਾਰਣ ਉਹ ਲਗਭਗ 27 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਪਿਆ। ਇਸ ਕਾਰਨ ਜਗਨ ਨਾਥ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ ਤੇ ਉਸਦੇ ਸਿਰ 'ਚ ਡੂੰਘੀਆਂ ਸੱਟਾਂ ਵੱਜੀਆਂ।

ਉਸ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਜਖ਼ਮਾਂ ਦੀ ਤਾਬ ਨੂੰ ਨਾ ਸਹਾਰਦੇ ਹੋਏ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
 


author

Babita

Content Editor

Related News