ਕਿਸ਼ਤੀ ਪਲਟਣ ਕਾਰਨ ਸਤਲੁਜ ਦਰਿਆ ''ਚ ਡੁੱਬੇ ਦੂਜੇ ਵਿਅਕਤੀ ਦੀ ਲਾਸ਼ ਬਰਾਮਦ
Thursday, May 11, 2023 - 05:43 PM (IST)

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਪਿੰਡ ਚੌਂਤਾ ਵਿਖੇ ਸਤਲੁਜ ’ਚ ਕਿਸ਼ਤੀ ਪਲਟਣ ਨਾਲ ਡੁੱਬੇ ਦੂਜੇ ਵਿਅਕਤੀ ਦੀ ਅੱਜ 5ਵੇਂ ਦਿਨ ਲਾਸ਼ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੀ 7 ਮਈ ਦੀ ਸ਼ਾਮ ਨੂੰ ਪਿੰਡ ਚੌਂਤਾ ਵਿਖੇ ਸਤਲੁਜ ਦਰਿਆ ਤੋਂ ਪਾਰ ਕੰਮ ਕਰਕੇ ਪਰਤ ਰਹੇ ਵਿਅਕਤੀਆਂ ਨਾਲ ਉਸ ਸਮੇਂ ਹਾਦਸਾ ਵਾਪਰ ਗਿਆ ਸੀ ਜਦੋਂ ਪਾਣੀ ਭਰਨ ਨਾਲ ਅਚਾਨਕ ਕਿਸ਼ਤੀ ਪਲਟ ਗਈ ਅਤੇ ਉਸ ਵਿੱਚ ਸਵਾਰ 2 ਵਿਅਕਤੀ ਡੁੱਬ ਗਏ ਸਨ। ਜਦਕਿ 4 ਜਣਿਆਂ ਨੂੰ ਬਚਾ ਲਿਆ ਗਿਆ ਸੀ।
ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI
ਇਸ ਹਾਦਸੇ ’ਚ ਡੁੱਬੇ ਪਿੰਡ ਮੂਸਾਪੁਰ ਦੇ 32 ਸਾਲਾ ਰਾਮ ਲੁਭਾਇਆ ਨੂੰ ਭਾਵੇਂ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ ਸੀ। ਜਦਕਿ ਦਰਿਆ ’ਚ ਡੁੱਬਿਆ ਪਿੰਡ ਮੂਸਾਪੁਰ ਦਾ ਭਗਤ ਰਾਮ (48) ਡੂੰਘੇ ਪਾਣੀ ’ਚ ਵਹਿ ਗਿਆ। ਜਿਸ ਦੀ 5 ਦਿਨਾਂ ਤੋਂ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਵੱਲੋਂ ਦਰਿਆ ਅਤੇ ਸਤਲੁਜ ਦੇ ਕਿਨਾਰਿਆਂ ਤੋਂ ਇਲਾਵਾ ਰੋਪੜ ਹੈੱਡ ਵਰਕਸ ਵਿਖੇ ਭਾਲ ਕੀਤੀ ਜਾ ਰਹੀ ਸੀ। ਪਿੰਡ ਮੂਸਾਪੁਰ ਦੇ ਪੰਚ ਅਵਤਾਰ ਬਿੱਲਾ ਅਤੇ ਧਰਮਪਾਲ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਘਟਨਾ ਸਥਾਨ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਹੇਠਲਾ ਗੜ੍ਹਬਾਗਾ ਲਾਗੇ ਸਤਲੁਜ ਦਰਿਆ ਦੇ ਕਿਨਾਰੇ ਫਸੀ ਭਗਤ ਰਾਮ ਦੀ ਲਾਸ਼ ਬਰਾਮਦ ਹੋਈ। ਜਿਸ ਸਬੰਧੀ ਪਿੰਡ ਦੇ ਲੋਕਾਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਇਸ ਦੀ ਸੂਚਨਾ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵੀ ਪਿੰਡ ਟਿੱਬਾ ਟੱਪਰੀਆਂ ਅਤੇ ਰੋਪੜ ਵਿਖੇ ਪਹੁੰਚ ਕੇ ਭਗਤ ਰਾਮ ਦੀ ਭਾਲ ’ਚ ਜੁਟੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ ਅਤੇ ਹਰ ਪੱਖੋਂ ਸਹਿਯੋਗ ਦਾ ਭਰੌਸਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਵੱਡੀ ਵਾਰਦਾਤ, ਪਸ਼ੂ ਵਪਾਰੀ ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕੀਤਾ ਕਤਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ