ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਵਾਪਰਿਆ ਰੂਹ ਕੰਬਾਊ ਹਾਦਸਾ, 12 ਸਾਲਾ ਪੁੱਤ ਦੇ ਸਾਹਮਣੇ ਪਿਓ ਦੀ ਦਰਦਨਾਕ ਮੌਤ
Thursday, Jul 20, 2023 - 11:59 AM (IST)
ਜਲੰਧਰ (ਗੁਲਸ਼ਨ)– ਸਿਟੀ ਰੇਲਵੇ ਸਟੇਸ਼ਨ ਤੋਂ ਹਾਵੜਾ ਜਾਣ ਵਾਲੀ ਟਰੇਨ ਹਾਵੜਾ ਮੇਲ (13006) ਵਿਚ ਬੁੱਧਵਾਰ ਦੇਰ ਸ਼ਾਮ ਚੜ੍ਹਦੇ ਸਮੇਂ ਇਕ ਵਿਅਕਤੀ ਰੇਲ ਲਾਈਨਾਂ ਵਿਚ ਡਿੱਗ ਗਿਆ। ਟਰੇਨ ਦੀ ਲਪੇਟ ਵਿਚ ਆਉਣ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਮੁਹੰਮਦ ਫਿਰੋਜ਼ ਆਲਮ (33) ਆਪਣੇ 12 ਸਾਲਾ ਪੁੱਤਰ ਆਜ਼ਾਦ ਨਾਲ ਆਪਣੇ ਪਿੰਡ ਜਾਣ ਲਈ ਸਟੇਸ਼ਨ ’ਤੇ ਪਹੁੰਚਿਆ ਸੀ। ਯੂ. ਪੀ-ਬਿਹਾਰ ਵੱਲ ਜਾਣ ਵਾਲੀ ਜਨਸੇਵਾ ਐਕਸਪ੍ਰੈੱਸ ਅਤੇ ਜਨਨਾਇਕ ਐਕਸਪ੍ਰੈੱਸ ਬੁੱਧਵਾਰ ਨੂੰ ਰੱਦ ਹੋਣ ਕਾਰਨ ਹਾਵੜਾ ਮੇਲ ਵਿਚ ਸਫ਼ਰ ਕਰਨ ਵਾਲਿਆਂ ਦੀ ਕਾਫ਼ੀ ਭੀੜ ਸੀ।
ਇਹ ਵੀ ਪੜ੍ਹੋ- ਸਾਈਬਰ ਠੱਗਾਂ ਨੇ ਅਪਣਾਇਆ ਨਵਾਂ ਪੈਂਤੜਾ, ਵਕੀਲ ਬਣ ਕੇ ਵਿਦੇਸ਼ਾਂ ਤੋਂ ਇੰਝ ਕਰ ਰਹੇ ਨੇ ਘਿਨੌਣੇ ਕਾਰੇ
ਸੂਤਰਾਂ ਮੁਤਾਬਕ ਟਰੇਨ ਆਪਣੇ ਨਿਰਧਾਰਿਤ ਸਟਾਪੇਜ ਤੋਂ ਬਾਅਦ ਜਦੋਂ ਚੱਲਣ ਲੱਗੀ ਤਾਂ ਕਾਫ਼ੀ ਲੋਕ ਚੜ੍ਹਨ ਤੋਂ ਰਹਿ ਗਏ। ਇਸ ਦੌਰਾਨ ਮੁਹੰਮਦ ਫਿਰੋਜ਼ ਆਲਮ ਨੇ ਚੱਲਦੀ ਟਰੇਨ ਵਿਚ ਚੜ੍ਹਨ ਦਾ ਯਤਨ ਕੀਤਾ ਤਾਂ ਉਹ ਪਲੇਟਫਾਰਮ ਅਤੇ ਟਰੇਨ ਦੇ ਵਿਚਕਾਰ ਖਾਲੀ ਥਾਂ ’ਚ ਹੇਠਾਂ ਡਿੱਗ ਗਿਆ। ਚੱਲਦੀ ਟਰੇਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਹ ਦ੍ਰਿਸ਼ ਦੇਖ ਕੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੇਨ ਵੀ ਰੁਕ ਗਈ। ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਲਲਿਤ ਕੁਮਾਰ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਗੰਭੀਰ ਹਾਲਤ ਵਿਚ ਸਟ੍ਰੈਚਰ ’ਤੇ ਪਾ ਕੇ ਰੇਲ ਲਾਈਨਾਂ ਵਿਚੋਂ ਬਾਹਰ ਕੱਢਿਆ। ਇੰਨੇ ਵਿਚ 108 ਐਂਬੂਲੈਂਸ ਵੀ ਸਟੇਸ਼ਨ ’ਤੇ ਪਹੁੰਚ ਗਈ, ਜਿਸ ਵਿਚ ਪਾ ਕੇ ਉਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪੁੱਤਰ ਆਜ਼ਾਦ ਨੇ ਦੱਸਿਆ ਕਿ ਉਹ ਨਕੋਦਰ ਕੋਲ ਖੇਤਾਂ ਵਿਚ ਝੋਨਾ ਲਗਾਉਣ ਦਾ ਕੰਮ ਕਰਦੇ ਸਨ। ਉਸ ਦੀ ਮਾਂ ਬਿਹਾਰ ਵਿਚ ਹੀ ਰਹਿੰਦੀ ਹੈ। ਏ. ਐੱਸ. ਆਈ. ਲਲਿਤ ਕੁਮਾਰ ਨੇ ਕਿਹਾ ਕਿ ਨਕੋਦਰ ਵਿਚ ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਵੀਰਵਾਰ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਪਿੰਡਾਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ