ਰਸ਼ੀਆ ''ਚ ਫਸੇ 26 ਨੌਜਵਾਨਾਂ ''ਚੋਂ ਜਲੰਧਰ ਦੇ ਇਕ ਨੌਜਵਾਨ ਦੀ ਮੌਤ

Saturday, Nov 30, 2019 - 06:58 PM (IST)

ਰਸ਼ੀਆ ''ਚ ਫਸੇ 26 ਨੌਜਵਾਨਾਂ ''ਚੋਂ ਜਲੰਧਰ ਦੇ ਇਕ ਨੌਜਵਾਨ ਦੀ ਮੌਤ

ਫਗਵਾੜਾ/ਜਲੰਧਰ (ਹਰਜੋਤ)— ਫਗਵਾੜਾ ਦੇ ਨਜ਼ਦੀਕੀ ਪਿੰਡ ਖੁਰਮਪੁਰ ਦੇ ਇਕ ਟਰੈਵਲ ਏਜੰਟ ਦਲਜੀਤ ਸਿੰਘ ਵੱਲੋਂ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਰਸ਼ੀਆ 'ਚ ਭੇਜ ਕੇ ਧੋਖਾਧੜੀ ਕੀਤੀ ਗਈ ਹੈ। ਟਰੈਵਲ ਏਜੰਟ ਵੱਲੋਂ ਧੋਖਾਦੇਹੀ ਕਰਕੇ ਇਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਖਤਰੇ 'ਚ ਪਾਉਣ ਕਰਕੇ ਪੀੜਤ ਪਰਿਵਾਰ ਕਾਫੀ ਪ੍ਰੇਸ਼ਾਨ ਹਨ। ਏਜੰਟ ਵੱਲੋਂ ਐਗਰੀਮੈਂਟ ਦੇ ਆਧਾਰ 'ਤੇ ਨੌਜਵਾਨਾਂ ਨੂੰ ਕੋਈ ਨੌਕਰੀ ਨਾ ਮਿਲਣ ਕਾਰਨ ਉਹ ਠੋਕਰਾਂ ਖਾਣ ਲਈ ਮਜਬੂਰ ਹਨ। ਇਨ੍ਹਾਂ 26 ਨੌਜਵਾਨਾਂ 'ਚੋਂ 1 ਨੌਜਵਾਨ ਦੀ ਮੌਤ ਹੋ ਗਈ। 

ਜਾਣਕਾਰੀ ਮੁਤਾਬਕ ਪਿੰਡ ਪਾਸਲਾ ਜ਼ਿਲਾ ਜਲੰਧਰ ਦਾ ਇਕ ਨੌਜਵਾਨ ਮਲਕੀਅਤ ਸਿੰਘ ਉਰਫ ਸੋਨੂੰ ਜੋ ਵਿਆਜ 'ਤੇ ਪੈਸੇ ਲੈ ਕੇ ਵਿਦੇਸ਼ ਗਿਆ ਸੀ ਪਰ ਉਥੇ ਉਹ ਅਚਾਨਕ ਬੀਮਾਰ ਹੋ ਗਿਆ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਥੇ ਸਮੇਂ ਸਿਰ ਕੰਪਨੀ ਵੱਲੋਂ ਐਂਬੂਲੈਂਸ ਨਾ ਪੁੱਜਣ ਕਾਰਨ ਉਸ ਦੀ ਮੌਤ ਹੋ ਗਈ ਉਸ ਦੇ ਨਾਲ ਗਏ ਪਿੰਡ ਰੁੜਕੀ ਦੇ ਜੋਗਿੰਦਰਪਾਲ ਨੇ ਮ੍ਰਿਤਕ ਮਲਕੀਅਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆਂਦਾ ਹੈ। ਮ੍ਰਿਤਕ ਮਲਕੀਅਤ ਸਿੰਘ ਦਾ ਪਿੰਡ ਪਾਸਲਾ ਵਿਖੇ ਨਮ ਅੱਖਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੋਨੂੰ ਦੇ ਪਰਿਵਾਰ 'ਚ ਉਸ ਦੇ ਪਿਤਾ ਦੇਸਰਾਜ, ਪਤਨੀ ਨਿਰਮਲਾ ਦੇਵੀ, ਲੜਕਾ ਅਰਜੁਨ (7), ਲੜਕੀ ਰੋਹੀ (6) ਤੋਂ ਇਲਾਵਾ ਮ੍ਰਿਤਕ ਦੇ ਤਿੰਨ ਭਰਾ-ਭੈਣ ਹਨ।
ਮ੍ਰਿਤਕ ਨੌਜਵਾਨ ਦੀ ਲਾਸ਼ ਲੈ ਕੇ ਆਏ ਜੋਗਿੰਦਰਪਾਲ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਦੱਸਿਆ ਕਿ ਮਲਕੀਅਤ ਸਿੰਘ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਕੰਪਨੀ ਵੱਲੋਂ ਲਾਸ਼ ਨੂੰ ਭਾਰਤ ਵਾਪਸ ਭੇਜਣ ਲਈ ਕੋਈ ਵੀ ਪੈਸਾ ਅਤੇ ਸਹਿਯੋਗ ਨਹੀਂ ਕੀਤਾ ਗਿਆ, ਜਿਸ ਕਾਰਨ 25 ਨੌਜਵਾਨਾਂ ਵੱਲੋਂ ਪੈਸੇ ਇਕੱਠੇ ਕਰਕੇ ਮਲਕੀਅਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਭਾਰਤ ਲਿਆਉਣ 'ਤੇ ਕਰੀਬ 4-5 ਲੱਖ ਰੁਪਏ ਦਾ ਖਰਚ ਆਇਆ ਹੈ।
ਰਸ਼ੀਆ ਤੋਂ ਮਲਕੀਤ ਸਿੰਘ ਦੀ ਲਾਸ਼ ਲੈ ਕੇ ਭਾਰਤ ਵਾਪਸ ਆਏ ਜੋਗਿੰਦਰਪਾਲ ਨੇ ਦੱਸਿਆ ਕਿ ਕੰਪਨੀ ਵੱਲੋਂ ਜਦੋਂ ਆਉਣ ਸਮੇਂ ਉਸ ਨੂੰ ਪਾਸਪੋਰਟ ਦਿੱਤਾ ਗਿਆ ਅਤੇ ਨਾਲ ਹੀ ਇਹ ਫਰਮਾਨ ਸੁਣਾਇਆ ਗਿਆ ਕਿ ਜੇਕਰ ਉਹ ਵਾਪਸ ਰਸ਼ੀਆ ਨਾ ਆਇਆ ਤਾਂ ਉਸ ਦੇ ਬਾਕੀ ਸਾਥੀ 25 ਨੌਜਵਾਨਾਂ ਨੂੰ ਵਾਪਸ ਭਾਰਤ ਨਹੀਂ ਆਉਣ ਦਿੱਤਾ ਜਾਵੇਗਾ, ਜਿਸ ਕਾਰਨ ਉਹ ਕਾਫੀ ਸਹਿਮ 'ਚ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰਸ਼ੀਆ 'ਚ ਫਸੇ ਬਾਕੀ ਨੌਜਵਾਨਾਂ ਦੀ ਜਾਨ ਛੁਡਾਈ ਜਾਵੇ।

PunjabKesari

ਗ੍ਰਿਫਤਾਰ ਏਜੰਟ ਨੂੰ ਅਦਾਲਤ 'ਚ ਕੀਤਾ ਪੇਸ਼, ਮਿਲਿਆ ਦੋ ਦਿਨ ਦਾ ਪੁਲਸ ਰਿਮਾਂਡ
ਇਸ ਸਬੰਧੀ ਸ਼ੁੱਕਰਵਾਰ ਨੂੰ ਥਾਣਾ ਸਦਰ ਦੀ ਪੁਲਸ ਨੇ ਏਜੰਟ ਦਲਜੀਤ ਸਿੰਘ ਖਿਲਾਫ ਧਾਰਾ 420, 406 ਤਹਿਤ ਕੇਸ ਦਰਜ ਕਰਕੇ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰਨ ਉਪਰੰਤ ਸ਼ੁੱਕਰਵਾਰ ਨੂੰ ਅਦਾਲਤ ਨੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਰਿਮਾਂਡ ਦੀ ਪੁੱਛਗਿੱਛ ਦੌਰਾਨ ਏਜੰਟ ਕੋਲੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਮਾਮਲੇ ਦੀ ਜਾਂਚ ਜਾਰੀ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਉਕਤ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ-ਪੜਤਾਲ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਵੇਗੀ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News