ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਬੈਗ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨੀਜਨਕ ਗੱਲ

Wednesday, Nov 16, 2022 - 03:38 PM (IST)

ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਬੈਗ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨੀਜਨਕ ਗੱਲ

ਜਲੰਧਰ, (ਜ. ਬ.)- ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਟਰਾਲੀ ਬੈਗ ’ਚੋਂ ਮ੍ਰਿਤਕ ਮਿਲੇ ਪ੍ਰਵਾਸੀ ਨੌਜਵਾਨ ਦੀ ਲਾਸ਼ ਦੇ ਮਾਮਲੇ 'ਚ ਉਸੇ ਦੇ ਸਾਥੀ ਵੱਲੋਂ ਕਤਲ ਕੀਤੇ ਜਾਣ ਦਾ ਖ਼ਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਕਾਤਲ ਨੇ ਪ੍ਰਵਾਸੀ ਨੌਜਵਾਨ ਨੂੰ ਦੇਰ ਰਾਤ ਆਪਣੇ ਕੁਆਰਟਰ ’ਚ ਮੌਤ ਦੇ ਘਾਟ ਉਤਾਰਿਆ ਅਤੇ ਲਾਸ਼ ਨੂੰ ਲਾਲ ਰੰਗ ਦੇ ਟਰਾਲੀ ਬੈਗ ’ਚ ਚੰਗੀ ਤਰ੍ਹਾਂ ਪੈਕ ਕਰ ਦਿੱਤਾ। ਪੁਲਸ ਨੇ ਜਦੋਂ ਮੌਕੇ ’ਤੇ ਪਹੁੰਚ ਕੇ ਬੈਗ ਨੂੰ ਖੋਲ੍ਹਿਆ ਤਾਂ ਲਾਸ਼ ਆਕੜ ਚੁੱਕੀ ਸੀ, ਜਿਸ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਕਿ ਲਾਸ਼ ਨੂੰ ਰਾਤ ਨੂੰ ਹੀ ਬੈਗ ’ਚ ਪੈਕ ਕਰ ਦਿੱਤਾ ਗਿਆ ਸੀ।

ਕਾਤਲ ਦੀ ਭਾਲ ਵਿਚ ਜੁਟੇ ਸੀ. ਆਈ. ਏ.-1 ਅਤੇ ਐੱਸ. ਓ. ਯੂ.

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗਦਾਈਪੁਰ ਇਲਾਕੇ ’ਚ ਸਥਿਤ ਇਕ ਫੈਕਟਰੀ ’ਚ ਕੰਮ ਕਰਦਾ ਸੀ। ਦੇਰ ਸ਼ਾਮ ਸੀ. ਆਈ. ਏ.-1 ਅਤੇ ਐੱਸ. ਓ. ਯੂ. ਦੀਆਂ ਟੀਮਾਂ ਰਾਜਾ ਗਾਰਡਨ ਅਤੇ ਗਦਾਈਪੁਰ ਇਲਾਕੇ ’ਚ ਮ੍ਰਿਤਕ ਅਤੇ ਕਾਤਲ ਦੀਆਂ ਤਸਵੀਰਾਂ ਲੈ ਕੇ ਪਛਾਣ ਲਈ ਘੁੰਮਦੀਆਂ ਵਿਖਾਈ ਦਿੱਤੀਆਂ। ਜਾਂਚ ਅਧਿਕਾਰੀਆਂ ਮੁਤਾਬਕ ਕਤਲ ਤੋਂ ਬਾਅਦ ਕਾਤਲ ਨੇ ਸਵੇਰ ਹੁੰਦੇ ਹੀ ਬੈਟਰੀ ਵਾਲਾ ਆਟੋ ਕੀਤਾ ਅਤੇ ਇਕੱਲਾ ਹੀ ਅਟੈਚੀ ਲੈ ਕੇ ਦੋਮੋਰੀਆ ਪੁਲ ਰਸਤੇ ਰੇਲਵੇ ਸਟੇਸ਼ਨ ਤੱਕ ਪਹੁੰਚ ਗਿਆ। ਰੇਲਵੇ ਸਟੇਸ਼ਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਮੁਲਜ਼ਮ ਕੈਦ ਹੋ ਗਿਆ ਹੈ, ਜਿਹੜਾ ਇਕੱਲਾ ਹੀ ਅਟੈਚੀ ਲੈ ਕੇ ਸਟੇਸ਼ਨ ਵੱਲ ਜਾਂਦਾ ਦਿਖਾਈ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਫਿਰੋਜ਼ਪੁਰ ਦੇ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

PunjabKesari

ਟਰਾਲੀ ਬੈਗ ਨੂੰ ਕਿਸੇ ਲੰਮੇ ਰੂਟ ਦੀ ਟਰੇਨ ’ਚ ਰੱਖਣ ਵਾਲਾ ਸੀ ਮੁਲਜ਼ਮ

ਪੁਲਸ ਇਨਵੈਸਟੀਗੇਸ਼ਨ ’ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੌਣੇ 7 ਵਜੇ ਦੇ ਨੇੜੇ-ਤੇੜੇ ਮੁਲਜ਼ਮ ਨੂੰ ਸਟੇਸ਼ਨ ਦੇ ਬਾਹਰ ਵੇਖਿਆ ਗਿਆ ਅਤੇ ਉਹ ਟਰਾਲੀ ਬੈਗ ਨੂੰ ਕਿਸੇ ਲੰਮੇ ਰੂਟ ਦੀ ਟਰੇਨ ’ਚ ਰੱਖਣ ਵਾਲਾ ਸੀ। ਬੈਗ ਨੂੰ ਬਾਹਰ ਰੱਖ ਕੇ ਉਹ ਰੇਲਵੇ ਸਟੇਸ਼ਨ ਦੇ ਅੰਦਰ ਗਿਆ ਪਰ ਪੁਲਸ ਦੀ ਮੌਜੂਦਗੀ ਵੇਖ ਕੇ ਸਟੇਸ਼ਨ ਦਾ ਪੂਰਾ ਚੱਕਰ ਲਾਉਣ ਤੋਂ ਬਾਅਦ ਉਹ ਬਾਹਰ ਆ ਗਿਆ ਅਤੇ ਫਿਰ ਦੋਮੋਰੀਆ ਪੁਲ ਵੱਲ ਚਲਾ ਗਿਆ। ਪੁਲਸ ਮੁਤਾਬਕ ਜਾਂਚ ’ਚ ਪਤਾ ਲੱਗਾ ਹੈ ਕਿ ਮ੍ਰਿਤਕ ਗਦਾਈਪੁਰ ਦੇ ਬਾਜ਼ਾਰ ’ਚ ਸਥਿਤ ਵਿਹੜੇ ’ਚ ਰਹਿੰਦਾ ਸੀ। ਦੇਰ ਸ਼ਾਮ ਐੱਸ. ਓ. ਯੂ. ਅਤੇ ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਗਦਾਈਪੁਰ ’ਚ ਪੁੱਛਗਿੱਛ ਕਰ ਰਹੀਆਂ ਸਨ।

ਕਤਲ ਦੇ ਪਿੱਛੇ ਨਾਜਾਇਜ਼ ਸਬੰਧਾਂ ਦਾ ਸ਼ੱਕ

ਕਾਤਲ ਅਤੇ ਮ੍ਰਿਤਕ ਦੋਵੇਂ ਪ੍ਰਵਾਸੀ ਹਨ। ਪੁਲਸ ਨੂੰ ਸ਼ੱਕ ਹੈ ਕਿ ਇਸ ਕਤਲ ਦੇ ਪਿੱਛੇ ਕਿਤੇ ਨਾ ਕਿਤੇ ਨਾਜਾਇਜ਼ ਸੰਬੰਧ ਹੋ ਸਕਦੇ ਹਨ। ਪੁਲਸ ਦੀ ਇਸ ਸੋਚ ਦਾ ਕਾਰਨ ਇਹ ਹੈ ਕਿ ਜਲੰਧਰ ’ਚ ਪ੍ਰਵਾਸੀਆਂ ਦੇ ਹੋਏ ਮਰਡਰ ਮਾਮਲਿਆਂ ’ਚ 80 ਫ਼ੀਸਦੀ ਕਾਰਨ ਨਾਜਾਇਜ਼ ਸੰਬੰਧ ਹੀ ਸਾਹਮਣੇ ਆਏ ਹਨ, ਹਾਲਾਂਕਿ ਨਾਜਾਇਜ਼ ਸੰਬੰਧ ਮ੍ਰਿਤਕ ਦੇ ਸਨ ਜਾਂ ਫਿਰ ਕਾਤਲ ਦੇ, ਇਹ ਮੁਲਜ਼ਮ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਦੇਰ ਰਾਤ ਪੁਲਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਸੀ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਕਾਤਲ ਦੇ ਇਸ ਮਾਮਲੇ ਤੋਂ ਬਾਅਦ ਜੀ. ਆਰ. ਪੀ. ਦੇ ਡੀ. ਐੱਸ. ਪੀ. ਓਮ ਪ੍ਰਕਾਸ਼ ਨੇ ਸ਼ਾਮ ਨੂੰ ਫੋਨ ਬੰਦ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਦਸੂਹਾ ਦੇ ਪਿੰਡ ਮੀਰਪੁਰ ਦੇ ਸਰਪੰਚ ਨੇ BDPO ਦੀ ਆਡੀਓ ਕੀਤੀ ਵਾਇਰਲ, ਲਾਏ ਰਿਸ਼ਵਤ ਮੰਗਣ ਦੇ ਦੋਸ਼

PunjabKesari

ਜ਼ਿਕਰਪਯੋਗ ਹੈ ਕਿ ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟ ਦੇ ਸਾਹਮਣੇ ਲਾਲ ਰੰਗ ਦੇ ਇਕ ਟਰਾਲੀ ਬੈਗ ’ਚੋਂ ਪ੍ਰਵਾਸੀ ਨੌਜਵਾਨ ਦੀ ਬੀਤੇ ਦਿਨ ਲਾਸ਼ ਮਿਲੀ ਸੀ। ਸੂਚਨਾ ਮਿਲਣ ’ਤੇ ਜੀ. ਆਰ. ਪੀ. ਦੇ ਡੀ. ਐੱਸ. ਪੀ. ਓਮ ਪ੍ਰਕਾਸ਼, ਐੱਸ. ਐੱਚ. ਓ. ਅਸ਼ੋਕ ਕੁਮਾਰ, ਆਰ. ਪੀ. ਐੱਫ਼. ਦੇ ਅਸਿ. ਕਮਾਂਡੈਂਟ ਰਾਕੇਸ਼ ਕੁਮਾਰ ਗੁਪਤਾ, ਪੋਸਟ ਇੰਚਾਰਜ ਇੰਸ. ਮੋਹਨ ਲਾਲ ਅਤੇ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਮ੍ਰਿਤਕ ਦੇ ਹੱਥ ਦੀ ਉਂਗਲੀ ’ਚੋਂ ਇਕ ਅੰਗੂਠੀ ਮਿਲੀ ਹੈ, ਜਿਸ ’ਤੇ ਸ਼ਮੀਮ ਲਿਖਿਆ ਹੋਇਆ ਸੀ।
ਫੋਰੈਂਸਿਕ ਟੀਮ ਦੇ ਆਉਣ ਤੋਂ ਬਾਅਦ ਟਰਾਲੀ ਬੈਗ ’ਚੋਂ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਕੇ ਸਟਰੈਚਰ ’ਤੇ ਰੱਖਿਆ ਗਿਆ ਸੀ। ਫੋਰੈਂਸਿਕ ਟੀਮ ਵੱਲੋਂ ਮ੍ਰਿਤਕ ਦੇ ਫਿੰਗਰ ਪ੍ਰਿੰਟ ਅਤੇ ਹੋਰ ਸੈਂਪਲ ਲਏ ਗਏ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ। ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਕਿਹਾ ਕਿ ਅਣਪਛਾਤੇ ਕਾਤਲਾਂ ਖ਼ਿਲਾਫ਼ ਧਾਰਾ 302, 201 ਅਤੇ 34 ਆਈ. ਪੀ. ਐੱਸ. ਤਹਿਤ ਮੁਕੱਦਮਾ ਨੰ. 145 ਦਰਜ ਕਰਕੇ ਜੀ. ਆਰ. ਪੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀ. ਸੀ. ਟੀ. ਵੀ. ਕੈਮਰੇ ’ਚ ਦਿਸਿਆ ਸੀ ਟਰਾਲੀ ਬੈਗ ਘੜੀਸ ਕੇ ਲਿਆ ਰਿਹਾ ਨੌਜਵਾਨ

ਰੇਲਵੇ ਪੁਲਸ ਨੇ ਸਟੇਸ਼ਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ। ਆਰ. ਪੀ. ਐੱਫ਼. ਦੇ ਮੇਨ ਗੇਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਸਵੇਰੇ 6.45 ਵਜੇ ਇਕ ਨੌਜਵਾਨ ਦੋਵਾਂ ਹੱਥਾਂ ਨਾਲ ਲਾਲ ਰੰਗ ਦਾ ਟਰਾਲੀ ਬੈਗ ਘੜੀਸ ਕੇ ਲਿਆਉਂਦਾ ਵਿਖਾਈ ਦਿੱਤਾ। ਪਹਿਲਾਂ ਉਹ ਬੈਗ ਸਟੇਸ਼ਨ ਦੇ ਮੇਨ ਗੇਟ ਵੱਲ ਲੈ ਕੇ ਜਾਣ ਲੱਗਾ। ਸਟੇਸ਼ਨ ਦੇ ਬਾਹਰ ਭੀੜ ਤੇ ਗੇਟ ’ਤੇ ਚੈਕਿੰਗ ਕਾਰਨ ਉਹ ਅੱਗੇ ਨਹੀਂ ਗਿਆ ਤੇ ਥੋੜ੍ਹਾ ਪਿੱਛੇ ਆ ਕੇ ਫੁੱਟਪਾਥ ’ਤੇ ਹੀ ਬੈਗ ਛੱਡ ਕੇ ਅੰਦਰ ਚਲਾ ਗਿਆ। ਪਲੇਟਫਾਰਮ ’ਤੇ ਲੱਗੇ ਕੈਮਰੇ ’ਚ ਉਹ ਆਰ. ਪੀ. ਐੱਫ਼. ਥਾਣੇ ਦੇ ਨਾਲ ਪਾਰਸਲ ਵਿਭਾਗ ਵੱਲ ਜਾਂਦਾ ਵਿਖਾਈ ਦਿੱਤਾ ਸੀ। 

ਇਹ ਵੀ ਪੜ੍ਹੋ : ਰੂਪਨਗਰ ਵਿਖੇ ਵਾਪਰੀ ਵੱਡੀ ਘਟਨਾ, ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 13 ਸਾਲਾ ਮੁੰਡੇ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News