ਇਨਸਾਨੀਅਤ ਸ਼ਰਮਸਾਰ : ਸੰਘਣੀ ਧੁੰਦ ''ਚ ਅਣਪਛਾਤੇ ਵਾਹਨ ਨੇ ਕੁਚਲਿਆ ਵਿਅਕਤੀ, ਲਾਸ਼ ''ਤੋਂ ਲੰਘੀਆਂ ਕਈ ਗੱਡੀਆਂ
Friday, Feb 12, 2021 - 11:59 PM (IST)
ਭੋਗਪੁਰ (ਸੂਰੀ) : ਵੀਰਵਾਰ ਦੇਰ ਰਾਤ ਜਲੰਧਰ ਜੰਮੂ ਨੈਸ਼ਨਲ ਹਾਈਵੇਅ ’ਤੇ ਪਈ ਸੰਘਣੀ ਧੁੰਦ ਕਾਰਨ ਥਾਣਾ ਭੋਗਪੁਰ ਦੇ ਪਿੰਡ ਪਚਰੰਗਾ ਨੇੜੇ ਹਾਈਵੇਅ ’ਤੇ ਇਕ ਆਦਮੀ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ। ਟੱਕਰ ਮਾਰੇ ਜਾਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਉੱਤੋਂ ਕਈ ਗੱਡੀਆਂ ਲੰਘ ਜਾਣ ਕਾਰਨ ਮ੍ਰਿਤਕ ਦੀ ਲਾਸ਼ ਸੜਕ ’ਚ ਹੀ ਖ਼ਿਲਰ ਲਈ ਅਤੇ ਮ੍ਰਿਤਕ ਦੇ ਸਰੀਰ ਦੇ ਅੰਗ ਸਰੀਰ ਨਾਲੋਂ ਵੱਖ ਹੋ ਗਏ। ਇਸ ਹਾਦਸੇ ਸਬੰਧੀ ਇਸ ਸੜਕ ਤੋਂ ਲੰਘ ਰਹੇ ਕਿਸੇ ਰਾਹਗੀਰ ਨੇ ਹਾਈਵੇਅ ਪੈਟਰਿਗ ਗੱਡੀ ਨੰਬਰ 16 ਅਤੇ ਪੁਲਸ ਚੌਂਕੀ ਪਚਰੰਗਾ ਨੂੰ ਜਾਣਕਾਰੀ ਦਿੱਤੀ। ਚੌਂਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਸੂਚਨਾ ਮਿਲਦੇਸਾਰ ਹੀ ਹਾਦਸੇ ਵਾਲੀ ਥਾਂ ’ਤੇ ਪੁੱਜੇ ਪਰ ਉਸ ਸਮੇਂ ਤੱਕ ਮਿ੍ਰਤਕ ਦੀ ਲਾਸ਼ ਤੋਂ ਕਈ ਗੱਡੀਆਂ ਲੰਘ ਚੁੱਕੀਆਂ ਸਨ ਅਤੇ ਲਾਸ਼ ਕਈ ਟੁੱਕੜਿਆਂ ’ਚ ਸੜਕ ਵਿਚ ਬਿਖ਼ਰੀ ਪਈ ਸੀ। ਪੁਲਸ ਵੱਲੋਂ ਹਾਈਵੇਅ ਦੀ ਅਵਾਜਾਈ ਨੂੰ ਰੋਕ ਕੇ ਮ੍ਰਿਤਕ ਦੀ ਲਾਸ਼ ਨੂੰ ਇਕੱਠਾ ਕਰਵਾਇਆ। ਪੁਲਸ ਵੱਲੋਂ ਪਿੰਡ ਪਚਰੰਗਾ ਦੇ ਕਾਰਜਕਾਰੀ ਸਰਪੰਚ ਰਾਮ ਆਸਰਾ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਥਾਣਾ ਭੋਗਪੁਰ ’ਚ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਦੇਰ ਰਾਤ ਭੂਚਾਲ ਦੇ ਝਟਕੇ ਲੱਗਣ ਕਾਰਣ ਲੋਕਾਂ ’ਚ ਦਹਿਸ਼ਤ
ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਕਈ ਵਾਹਨਾਂ ਵੱਲੋਂ ਕੁਚਲੇ ਜਾਣ ਕਾਰਨ ਲਾਸ਼ ਦੀ ਪਛਾਣ ਕਰਨ ’ਚ ਭਾਰੀ ਪਰੇਸ਼ਾਨੀ ਆ ਰਹੀ ਹੈ। ਮ੍ਰਿਤਕ ਦਾ ਇਕ ਹੱਥ ਹੀ ਸਹੀ ਹੈ। ਪੁਲਸ ਵੱਲੋਂ ਪਚਰੰਗਾ ਅਤੇ ਆਸਪਾਸ ਦੇ ਇਲਾਕੇ ’ਚ ਕਈ ਪ੍ਰਵਾਸੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਲਾਸ਼ ਦੀ ਪਛਾਣ ਲਈ ਬੁਲਾਇਆ ਗਿਆ ਹੈ ਪਰ ਹੁਣ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਇਕ ਹੱਥ ਵਿਚ ਕੜਾ, ਫਟੀ ਹੋਈ ਨੀਲੇ ਰੰਗ ਦੀ ਜੀਨ ਦੀ ਪੈਂਟ, ਭੂਰੇ ਰੰਗ ਦੀ ਫੁੱਲਾਂ ਵਾਲੀ ਕਮੀਜ਼, ਇਕ ਪੈਰ ਦਾ ਕਾਲਾ ਬੂਟ ਅਤੇ ਫਟੀ ਹੋਈ ਕਾਲੀ ਕੋਟੀ ਲਾਸ਼ ਦੇ ਅੰਗਾਂ ਨਾਲ ਮਿਲੀਹੈ। ਪੁਲਸ ਵੱਲੋਂ ਲਾਸ਼ ਦੀ ਪਛਾਣ ਕਰਵਾਉਣ ਲਈ ਇਸ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਜਲੰਧਰ ਦੇ ਮੁਰਦਾ ਘਰ ’ਚ ਰੱਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਲੜਕੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪੁਲਸ ਨੇ ਰੁਕਵਾਇਆ ਸਸਕਾਰ, ਕਰਵਾਇਆ ਪੋਸਟਮਾਰਟਮ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ