ਜੀਜੇ ਵਲੋਂ ਭੈਣ ਨੂੰ ਦਿੱਤੇ ਧੋਖੇ ਦਾ ਦੁੱਖ ਨਾ ਸਹਾਰ ਸਕਿਆ ਭਰਾ, ਚੁੱਕਿਆ ਖੌਫ਼ਨਾਕ ਕਦਮ

Sunday, Nov 27, 2022 - 12:32 PM (IST)

ਜੀਜੇ ਵਲੋਂ ਭੈਣ ਨੂੰ ਦਿੱਤੇ ਧੋਖੇ ਦਾ ਦੁੱਖ ਨਾ ਸਹਾਰ ਸਕਿਆ ਭਰਾ, ਚੁੱਕਿਆ ਖੌਫ਼ਨਾਕ ਕਦਮ

ਕੋਟਕਪੂਰਾ (ਨਰਿੰਦਰ) : ਸਥਾਨਕ ਮੁਹੱਲਾ ਕਸ਼ਮੀਰੀਆ ਵਿਖੇ ਆਪਣੇ ਚਾਚੇ ਦੇ ਘਰ ਮਿਲਣ ਆਏ 30 ਸਾਲਾ ਨੌਜਵਾਨ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਜਨਤਾ ਨਗਰ ਨਿਵਾਸੀ ਵਿਨੇ ਮਨਚੰਦਾ (30) ਵਜੋਂ ਹੋਈ ਹੈ। ਇਸ ਮਾਮਲੇ 'ਚ ਥਾਣਾ ਸਿਟੀ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਲੇਖਰਾਜ ਦੇ ਬਿਆਨਾਂ 'ਤੇ ਧੋਖਾਧੜੀ ਕਰਨ ਵਾਲੇ ਜਵਾਈ ਈਸ਼ਾਨ ਅਰੋੜਾ ਅਤੇ ਉਸ ਦੇ ਪਰਿਵਾਰ ਵਾਸੀ ਰਾਮ ਨਗਰ ਕਾਲੋਨੀ ਅੰਮ੍ਰਿਤਸਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿੱਚ ਲੇਖਰਾਜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੁੜੀ ਡੋਲੀ ਦਾ ਰਿਸ਼ਤਾ ਅਪ੍ਰੈਲ 2021 ਵਿੱਚ ਅੰਮ੍ਰਿਤਸਰ ਵਾਸੀ ਈਸ਼ਾਨ ਅਰੋੜਾ ਨਾਲ ਕੀਤਾ ਸੀ ਅਤੇ 10-15 ਦਿਨਾਂ ਵਿੱਚ ਵਿਆਹ ਪੰਜੀਕਰਨ ਕਰਵਾਉਣ ਲਈ ਲੁਧਿਆਣਾ ਵਿਚ ਫੇਰੇ ਕਰਵਾ ਕੇ ਪੁਜਾਰੀ ਤੋਂ ਵਿਆਹ ਸਬੰਧੀ ਸਰਟੀਫਿਕੇਟ ਲੈ ਲਿਆ ਸੀ।

ਇਹ ਵੀ ਪੜ੍ਹੋ- ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਪੂਰਾ, ਪ੍ਰਸ਼ੰਸਕਾਂ ਨਾਲ ਗੱਲਬਾਤ ਕਰਕੇ ਸਿੱਧੂ ਦੇ ਮਾਪੇ ਲੈਣਗੇ ਅਗਲਾ ਫ਼ੈਸਲਾ

ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਵਿੱਚ ਈਸ਼ਾਨ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ ਸਨ। ਇਸ ਦੇ ਬਾਵਜੂਦ ਈਸ਼ਾਨ ਅਰੋੜਾ ਅਤੇ ਉਸਦੇ ਮਾਤਾ-ਪਿਤਾ, ਉਨ੍ਹਾਂ ਦੀ ਕੁੜੀ ਨੂੰ ਆਪਣੇ ਨਾਲ ਨਹੀਂ ਲੈ ਕੇ ਗਏ। ਇਸ ਦੌਰਾਨ ਦੋਵੇਂ ਪਰਿਵਾਰਾਂ ਦਾ ਆਉਣਾ-ਜਾਣਾ ਹੁੰਦਾ ਰਿਹਾ ਅਤੇ ਉਨ੍ਹਾਂ ਦੀ ਕੁੜੀ ਦੇ ਵਿਆਹ ਦਾ ਅੰਮ੍ਰਿਤਸਰ ਦੇ ਸੁਵਿਧਾ ਸੈਂਟਰ ਤੋਂ ਰਜਿਸਟ੍ਰੇਸ਼ਨ ਵੀ ਕਰਵਾ ਲਿਆ ਗਿਆ। ਜਿਸ ਤੋਂ ਬਾਅਦ ਈਸ਼ਾਨ ਅਰੋੜਾ ਦਾ ਵੀਜ਼ਾ ਰਿਫਿਊਜ਼ ਹੋ ਗਿਆ ਪਰ ਇਸ ਸਬੰਧੀ ਈਸ਼ਾਨ ਜਾਂ ਉਸਦੇ ਪਰਿਵਾਰ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸਗੋਂ ਉਨ੍ਹਾਂ ਦੇ ਪਰਿਵਾਰ ਤੋਂ ਯੂ. ਕੇ. ਦਾ ਵੀਜਾ ਲਗਵਾਉਣ ਲਈ ਫੰਡ ਦਿਖਾਉਣ ਲਈ 10 ਲੱਖ ਰੁਪਏ ਦੀ ਡਿਮਾਂਡ ਰੱਖੀ।

ਇਹ ਵੀ ਪੜ੍ਹੋ- ਪਰਾਲੀ ਦੇ ਹੱਲ ਲਈ ਰਾਹ ਦਸੇਰਾ ਬਣਿਆ ਬਰਨਾਲਾ ਦਾ ਇਹ ਜੋੜਾ, ਸਬਜ਼ੀਆਂ ਦੀ ਖੇਤੀ ’ਚ ਇੰਝ ਕਰ ਰਹੇ ਵਰਤੋਂ

ਲੇਖਰਾਜ ਮੁਤਾਬਕ ਉਨ੍ਹਾਂ ਨੇ ਰਿਸ਼ਤੇਦਾਰੀ ਤੋਂ ਪੈਸੇ ਇਕੱਤਰ ਕਰਕੇ ਈਸ਼ਾਨ ਤੇ ਆਪਣੇ ਕੁੜੀ ਦੇ ਨਾਂ ’ਤੇ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਵਿਖੇ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਅਤੇ ਬਾਅਦ ਵਿੱਚ ਇਸ ਰਕਮ ਨੂੰ ਈਸ਼ਾਨ ਅਰੋੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਈਸ਼ਾਨ ਅਰੋੜਾ ਤੇ ਉਨ੍ਹਾਂ ਦਾ ਪਰਿਵਾਰ ਨਾ ਤਾਂ ਉਨ੍ਹਾਂ ਦੀ ਕੁੜੀ ਨੂੰ ਸਹੁਰੇ ਘਰ ਲੈ ਕੇ ਗਿਆ ਅਤੇ ਨਾ ਹੀ ਉਸ ਦਾ ਵੀਜ਼ਾ ਲਗਵਾਇਆ ਸਗੋਂ ਗੱਲਾਂ ਨੂੰ ਟਾਲ-ਮਟੋਲ ਕਰਦੇ ਰਹੇ। ਇਸ ਮਾਮਲੇ ਵਿੱਚ ਲੁਧਿਆਣਾ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਪੁਲਸ ਵੱਲੋਂ ਇਸਨੂੰ ਪਰਿਵਾਰਕ ਵਿਵਾਦ ਦੱਸ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ- ਵਿਆਹ ਦੇ 10 ਮਹੀਨਿਆਂ ਬਾਅਦ ਹੀ ਟੁੱਟੇ ਸੁਫ਼ਨੇ, ਫੌਜੀ ਪਤੀ ਤੋਂ ਦੁਖੀ ਹੋ ਗਰਭਵਤੀ ਪਤਨੀ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਪਰਿਵਾਰ ਨਾਲ ਹੋਈ ਇਸ ਧੋਖਾਧੜੀ ਨਾਲ ਉਨ੍ਹਾਂ ਦਾ ਮੁੰਡੇ ਵਿਨੇ ਮਨਚੰਦਾ ਪ੍ਰੇਸ਼ਾਨ ਰਹਿੰਦਾ ਸੀ ਅਤੇ ਕੁੱਝ ਦਿਨ ਪਹਿਲਾਂ 22 ਨਵੰਬਰ ਨੂੰ ਉਹ ਕੋਟਕਪੂਰਾ ਵਿੱਚ ਆਪਣੇ ਚਾਚਾ ਹਰੀਸ਼ ਕੁਮਾਰ ਕੋਲ ਆਇਆ ਜਿੱਥੇ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਉਸ ਦੀ ਜੇਬ ਵਿੱਚੋਂ ਇੱਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿਚ ਉਸ ਨੇ ਆਪਣੀ ਮੌਤ ਲਈ ਪਰਿਵਾਰ ਨਾਲ ਧੋਖਾਧੜੀ ਕਰਨ ਵਾਲੇ ਈਸ਼ਾਨ ਅਰੋੜਾ ਨੂੰ ਜ਼ਿੰਮੇਵਾਰ ਠਹਿਰਾਇਆ। ਜਾਂਚ ਅਧਿਕਾਰੀ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਲੇਖਰਾਜ ਦੇ ਬਿਆਨਾਂ ’ਤੇ ਈਸ਼ਾਨ ਅਰੋੜਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News