ਫਾਈਨਾਂਸ ਕੰਪਨੀ ਤੋਂ ਲਏ ਕਰਜ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Saturday, Nov 30, 2024 - 07:51 AM (IST)

ਫਾਜ਼ਿਲਕਾ (ਕੇ. ਸਿੰਘ) : ਫਾਜ਼ਿਲਕਾ ਦੇ ਪਿੰਡ ਆਜਮ ਵਾਲਾ ’ਚ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੇ ਇਕ ਫਾਈਨਾਂਸ ਕੰਪਨੀ ਤੋਂ ਕਰਜ਼ਾ ਲੈ ਰੱਖਿਆ ਸੀ ਜਿਸ ਨੂੰ ਨਾ ਚੁਕਾਉਣ ’ਤੇ ਕੰਪਨੀ ਵੱਲੋਂ ਉਸ ’ਤੇ ਕੇਸ ਦਰਜ ਕੀਤਾ ਗਿਆ ਸੀ ਜਿਸ ਦੀ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਸੂਬਾ ਸਿੰਘ (48) ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਸ਼੍ਰੀ ਰਾਮ ਫਾਈਨਾਂਸ ਕੰਪਨੀ ਤੋਂ ਕਰੀਬ 6 ਲੱਖ ਰੁਪਏ ਦਾ ਕਰਜ਼ ਲੈ ਕੇ ਇਕ ਕੈਂਟਰ ਲਿਆ ਹੋਇਆ ਸੀ ਜਿਸ ਦੀਆਂ ਬਹੁਤੀਆਂ ਕਿਸ਼ਤਾਂ ਭਰ ਦਿੱਤੀਆਂ ਗਈਆਂ ਸਨ ਪਰ ਕੁਝ ਕਿਸ਼ਤਾਂ ਬਕਾਇਆ ਰਹਿੰਦਿਆਂ ਸਨ, ਜਿਸ ਦੇ ਚਲਦਿਆਂ ਕੰਪਨੀ ਨੇ ਉਨ੍ਹਾਂ ਤੇ ਕੇਸ ਕਰ ਦਿੱਤਾ ਸੀ। ਇਸ ਕੇਸ ’ਚ ਉਨ੍ਹਾਂ ਨੂੰ ਕੁੱਝ ਸਮੇਂ ਪਹਿਲਾਂ ਜੇਲ੍ਹ ਵੀ ਜਾਣਾ ਪਿਆ ਸੀ। ਇਸ ਦੌਰਾਨ ਉਹ ਕਰੀਬ 3 ਮਹੀਨੇ ਦੀ ਜੇਲ੍ਹ ਵੀ ਕੱਟ ਕੇ ਆਇਆ ਸੀ।
ਇਹ ਵੀ ਪੜ੍ਹੋ : ਫੋਨ 'ਤੇ ਰਾਹੁਲ ਗਾਂਧੀ ਖ਼ਿਲਾਫ਼ ਡਿਬੇਟ ਸੁਣ ਰਹੇ ਸਨ ਡਰਾਈਵਰ-ਕੰਡਕਟਰ, ਕਾਂਗਰਸ ਸਰਕਾਰ ਨੇ ਭੇਜ 'ਤਾ ਨੋਟਿਸ
ਇਸ ਤੋਂ ਬਾਅਦ ਵੀ ਉਕਤ ਕੰਪਨੀ ਨੇ ਉਨ੍ਹਾਂ ਤੇ ਬਕਾਇਆ ਪਈ ਰਕਮ ਕਹਿ ਕੇ ਕੇਸ ਕੀਤਾ ਹੋਇਆ ਸੀ। ਜਿਸ ਦੀ ਪੇਸ਼ੀ ਦੀ ਤਾਰੀਖ਼ ਸ਼ੁੱਕਰਵਾਰ 29 ਨਵੰਬਰ ਦੀ ਸੀ। ਇਸ ਦਿਨ ਹੀ ਉਨ੍ਹਾਂ ਦੀ ਬਹਿਸ ਹੋਣੀ ਸੀ ਅਤੇ ਉਸ ਨੂੰ ਸਜ਼ਾ ਹੋਣ ਦਾ ਡਰ ਸਤਾ ਰਿਹਾ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਚਲ ਰਿਹਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਹੀ ਉਸਨੇ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ 10 ਵਜੇ ਆਪਣੇ ਘਰ ਦੇ ਕਮਰੇ ’ਚ ਲੋਹੇ ਦੀ ਪਾਈਪ ਨਾਲ ਲਟਕ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਉਧਰ, ਕੰਪਨੀ ਦੇ ਸਬੰਧਿਤ ਕਰਮਚਾਰੀਆਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪ੍ਰੇਸ਼ਾਨ ਨਹੀਂ ਕੀਤਾ ਗਿਆ। ਮ੍ਰਿਤਕ ਦੀ ਪਤਨੀ ਤੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ’ਚ ਉਕਤ ਫਾਈਨਾਂਸ ਕੰਪਨੀ ਦੇ ਸਬੰਧਤ ਕਰਮਚਾਰੀਆਂ 'ਤੇ ਬਣਦੀ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਧਰ, ਸੂਚਨਾ ਮਿਲਣ ਤੇ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰਵੀ ਕਾਂਤ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8