ਘਰਵਾਲੀ ਤੇ ਸਹੁਰਿਆਂ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ, ਘੱਟ ਕਮਾਈ ਕਾਰਨ ਕਰਦੀ ਸੀ ਬੇਇੱਜ਼ਤ

Tuesday, Dec 03, 2024 - 07:23 AM (IST)

ਖਰੜ (ਰਣਬੀਰ) : ਖਰੜ ਦੇ ਆਦਰਸ਼ ਨਗਰ ਵਿਚਲੇ ਇਕ ਫਲੈਟ ’ਚ ਰਹਿੰਦੇ ਸ਼ਾਦੀਸ਼ੁਦਾ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਸਣੇ ਮ੍ਰਿਤਕ ਵਿਅਕਤੀ ਦੇ ਪਿਤਾ ਭੁਪਿੰਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮ੍ਰਿਤਕ ਦੀ ਘਰਵਾਲੀ ਕਰਮਜੀਤ ਕੌਰ ਉਰਫ਼ ਖ਼ੁਸ਼ੀ ਅਤੇ ਸੱਸ ਰਾਜਵਿੰਦਰ ਕੌਰ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਬੀ. ਐਨ. ਐੱਸ. ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਬਿਆਨਾਂ ’ਚ ਭੁਪਿੰਦਰ ਸਿੰਘ ਵਾਸੀ ਅੰਬਾਲਾ ਨੇ ਦੱਸਿਆ ਕਿ ਉਸ ਦਾ ਆਪਣਾ ਕੰਮਕਾਰ ਹੈ। ਉਸ ਦੇ 3 ਬੱਚੇ ਸਨ, ਜਿਨ੍ਹਾਂ ’ਚੋਂ ਵੱਡਾ ਲੜਕੇ ਹਰਦੀਪ ਸਿੰਘ ਉਰਫ਼ ਦੀਪਕ (35) ਜੋ ਪ੍ਰਾਈਵੇਟ ਨੌਕਰੀ ਕਰਦਾ ਸੀ, ਨੇ ਸਾਲ 2012 ’ਚ ਪਟਿਆਲਾ ਦੀ ਰਹਿਣ ਵਾਲੀ ਕਰਮਜੀਤ ਕੌਰ ਉਰਫ਼ ਖ਼ੁਸ਼ੀ ਨਾਲ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਉਸ ਦਾ ਇਕ 11 ਸਾਲਾਂ ਦਾ ਲੜਕਾ ਵੀ ਹੈ। ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਉਸ ਦੀ ਪਤਨੀ ਅਤੇ ਸਹੁਰੇ ਵਾਲੇ ਅਕਸਰ ਛੋਟੀ-ਛੋਟੀ ਗੱਲ ਨੂੰ ਲੈ ਕੇ ਤਾਅਨੇ ਮਾਰਦੇ ਰਹਿੰਦੇ ਸਨ।

ਇਹ ਵੀ ਪੜ੍ਹੋ : ਖ਼ੂਨ ਦੀ ਇਕ ਬੂੰਦ ਨਾਲ ਕੈਂਸਰ ਦਾ ਲੱਗ ਜਾਵੇਗਾ ਪਤਾ, ਰਿਲਾਇੰਸ ਇੰਡਸਟਰੀਜ਼ ਨੇ ਕਰ 'ਤਾ ਕਮਾਲ 

ਦਰਅਸਲ, ਕਰਮਜੀਤ ਕੌਰ ਵਿਆਹਾਂ ’ਚ ਡਾਂਸ ਪਾਰਟੀਆਂ ਦੇ ਨਾਲ ਕੰਮ ਕਰਦੀ ਸੀ। ਉਸ ਦੇ ਲੜਕੇ ਨੂੰ ਉਸ ਦੀ ਘਰਵਾਲੀ ਅਤੇ ਸੱਸ ਅਕਸਰ ਇਹ ਕਹਿ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਸਨ ਕਿ ਖ਼ੁਸ਼ੀ ਦੀ ਕਮਾਈ ਹਰਦੀਪ ਨਾਲੋਂ ਕਿਤੇ ਵੱਧ ਹੈ। ਉਸ ਦੀ ਥੋੜ੍ਹੀ ਕਮਾਈ ਕਾਰਨ ਗੁਜ਼ਾਰਾ ਨਹੀਂ ਹੋ ਸਕਦਾ। ਇਸ ਲਈ ਉਹ ਉਸ ਨਾਲ ਨਹੀਂ ਰਹਿ ਸਕਦੀ। ਇਸ ਗੱਲ ’ਤੇ ਉਨ੍ਹਾਂ ਦਾ ਅਕਸਰ ਆਪਸ ’ਚ ਝਗੜਾ ਹੁੰਦਾ ਰਹਿੰਦਾ ਸੀ। ਬਾਵਜੂਦ ਹਰਦੀਪ ਸਿੰਘ ਨੇ ਖ਼ੁਸ਼ੀ ਲਈ ਖਰੜ ਦੇ ਆਦਰਸ਼ ਨਗਰ ’ਚ ਬੈਂਕ ਤੋਂ ਕਰਜ਼ਾ ਲੈ ਕੇ ਇਕ ਫਲੈਟ ਵੀ ਖ਼ਰੀਦੀਆ ਸੀ ਪਰ ਪਤੀ ਹਰਦੀਪ ਦੀ ਕਦਰ ਕਰਨ ਦੀ ਥਾਂ ਕਰਮਜੀਤ ਕੌਰ ਉਸ ਨਾਲ ਝਗੜਾ ਕਰ ਕੇ ਉਸ ਦੀ ਰਜ਼ਾਮੰਦੀ ਤੋਂ ਬਿਨਾਂ ਪਿਛਲੇ ਸਾਲ ਦਸੰਬਰ ’ਚ ਦੁਬਈ ਚਲੀ ਗਈ। ਜਿੱਥੋਂ ਉਹ ਤਿੰਨ ਮਹੀਨੇ ਬਾਅਦ ਪਰਤੀ। ਇਸ ਪਿੱਛੋਂ ਉਹ ਮੁੜ ਜ਼ਿੱਦ ਕਰ ਕੇ ਦੁਬਈ ਚਲੀ ਗਈ, ਜਿੱਥੋਂ ਉਹ ਇਸੇ ਸਾਲ ਜੁਲਾਈ ’ਚ ਵਾਪਸ ਆਈ। ਉਸ ਦੀ ਇਸ ਮਨਮਰਜ਼ੀ ਕਾਰਨ ਹਰਦੀਪ ਬਹੁਤ ਉਦਾਸ ਅਤੇ ਪ੍ਰੇਸ਼ਾਨ ਚੱਲ ਰਿਹਾ ਸੀ। 

ਹਰਦੀਪ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਸ ਦੀ ਘਰਵਾਲੀ, ਸੱਸ, ਸਾਲਾ, ਸਾਲੀ ਅਤੇ ਸੱਸ ਦਾ ਜਾਣਕਾਰ ਜੋ ਹਮੇਸ਼ਾ ਉਸ ਦੇ ਨਾਲ ਹੀ ਰਹਿੰਦਾ ਸੀ, ਸਭ ਨੇ ਉਸ ਦੇ ਘਰ ਉਸ ਦੀ ਕਾਫ਼ੀ ਜ਼ਿਆਦਾ ਬੇਇੱਜ਼ਤੀ ਕਰਦਿਆਂ ਕੁੱਟਮਾਰ ਕੀਤੀ, ਜਿਸ ਪਿੱਛੋਂ ਖ਼ੁਸ਼ੀ ਉਸ ਦੇ ਲੜਕੇ ਅਤੇ ਘਰ ਦੇ ਸਾਰੇ ਗਹਿਣੇ ਆਪਣੇ ਨਾਲ ਪੇਕੇ ਪਟਿਆਲਾ ਲੈ ਗਈ। ਸੱਸ ਰਾਜਵਿੰਦਰ ਕੌਰ ਨੇ ਲੜਕੇ ਦੇ ਵਿਆਹ ਮੌਕੇ ਹਰਦੀਪ ਕੋਲੋਂ ਦੋ ਲੱਖ ਰੁਪਏ ਉਧਾਰੇ ਲਏ ਸਨ। ਜਿਸ ਨੂੰ ਮੰਗਣ ’ਤੇ ਉਹ ਇਤਰਾਜ਼ ਕਰਦੇ ਸਨ। ਇਨ੍ਹਾਂ ਗੱਲਾਂ ਕਰ ਕੇ ਹਰਦੀਪ ਕਾਫ਼ੀ ਬੇਇੱਜ਼ਤੀ ਮਹਿਸੂਸ ਕਰਦਾ ਸੀ ਤੇ ਅਕਸਰ ਕਹਿੰਦਾ ਸੀ ਕਿ ਉਸ ਦੀ ਸੱਸ ਅਤੇ ਉਸ ਦਾ ਜਾਣਕਾਰ ਦੋਵੇਂ ਉਸ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਹਨ। ਜੋ ਉਸ ਨੂੰ ਮਾਰ ਜਾਂ ਕਿਸੇ ਕੋਲੋਂ ਮਰਵਾ ਸਕਦੇ ਹਨ।

ਇਹ ਵੀ ਪੜ੍ਹੋ : ਜੂਏ 'ਚ ਪੈਸੇ ਹਾਰਨ ਤੋਂ ਬਾਅਦ ਮਾਸਕ ਤੇ ਦਸਤਾਨੇ ਪਾ ਕੇ ਕੀਤੀ 50 ਲੱਖ ਦੀ ਚੋਰੀ, ਲਾਲ ਬੂਟਾਂ ਤੋਂ ਫੜਿਆ ਗਿਆ ਚੋਰ

ਫੋਨ ’ਤੇ ਪਿਤਾ ਨੂੰ ਦੱਸੀ ਸੀ ਸਾਰੀ ਗੱਲ
ਸ਼ਿਕਾਇਤਕਰਤਾ ਮੁਤਾਬਕ ਉਸ ਦੀ ਨੂੰਹ ਖ਼ੁਸ਼ੀ ਨੇ ਉਸ ਦੇ ਲੜਕੇ ਹਰਦੀਪ ਖ਼ਿਲਾਫ਼ ਪਟਿਆਲਾ ਵਿਖੇ ਕਿਸੇ ਥਾਣੇ ਅੰਦਰ ਕੋਈ ਸ਼ਿਕਾਇਤ ਵੀ ਕਰਵਾਈ ਹੋਈ ਸੀ। ਭੁਪਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਨੇ ਬੀਤੀ 28 ਤਰੀਕ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਉਸ ਦੇ ਪੇਕੇ ਘਰਦਿਆਂ ਤੋਂ ਬਹੁਤ ਜ਼ਿਆਦਾ ਤੰਗ ਹੈ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਹੈ, ਉਹ ਖ਼ੁਦਕੁਸ਼ੀ ਕਰ ਸਕਦਾ ਹੈ, ਜਿਸ ਲਈ ਉਸ ਦੀ ਪਤਨੀ ਤੇ ਸੱਸ ਸਣੇ ਉਪਰੋਕਤ ਸਾਰੇ ਵਿਅਕਤੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਨੂੰ ਬੀਤੀ ਰਾਤ 1.05 ’ਤੇ ਫੋਨ ਆਇਆ ਕਿ ਹਰਦੀਪ ਸਿੰਘ ਨੇ ਆਪਣੇ ਕਮਰੇ ’ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਪੁਲਸ ਨੇ ਕਿਹਾ ਕਿ ਘਟਨਾ ਸਥਾਨ ਤੋਂ ਮਿਲੇ ਸੁਰਾਗ ਅਤੇ ਸੁਸਾਈਡ ਨੋਟ ਦਾ ਮਿਲਾਣ ਫਾਰੈਂਸਿਕ ਲੈਬ ਤੋਂ ਕਰਵਾ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Sandeep Kumar

Content Editor

Related News