ਘਰਵਾਲੀ ਨਾਲ ਲੜ ਕੇ ਛੱਤ 'ਤੇ ਚੜ੍ਹਿਆ ਪਤੀ, ਪਤਨੀ ਉੱਪਰ ਪੁੱਜੀ ਤਾਂ ਨਿਕਲ ਗਈਆਂ ਚੀਕਾਂ
Tuesday, May 09, 2023 - 10:39 AM (IST)
 
            
            ਸਾਹਨੇਵਾਲ (ਜਗਰੂਪ) : ਥਾਣਾ ਸਾਹਨੇਵਾਲ ਅਧੀਨ ਆਉਂਦੇ ਈਸਟਮੈਨ ਗਿਆਸਪੁਰਾ ਦੇ ਇਲਾਕੇ ’ਚ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਸ਼ੱਕੀ ਹਾਲਾਤ ’ਚ ਤੇਜ਼ਧਾਰ ਹਥਿਆਰ ਨਾਲ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਐਤਵਾਰ ਦੀ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੇ ਆਪਣੇ ਘਰ ਦੀ ਛੱਤ ’ਤੇ ਜਾ ਕੇ ਤੇਜ਼ਧਾਰ ਹਥਿਆਰ ਨਾਲ ਮੱਥੇ ਅਤੇ ਛਾਤੀ ’ਤੇ ਵਾਰ ਕਰ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਜਾਰੀ ਹੋਇਆ ਸਾਲ ਭਰ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ
ਮ੍ਰਿਤਕ ਦੀ ਪਛਾਣ ਗੁਰਜੋਧਨ ਸਿੰਘ ਦੇ ਰੂਪ ’ਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮ੍ਰਿਤਕ ਗੁਰਜੋਧਨ ਦੀ ਪਤਨੀ ਲਲਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਅਕਸਰ ਹੀ ਉਸ ਨਾਲ ਝਗੜਾ ਕਰਦਾ ਰਹਿੰਦਾ ਸੀ। ਐਤਵਾਰ ਦੀ ਰਾਤ ਵੀ ਉਹ ਘਰ ਆਇਆ ਅਤੇ ਝਗੜਾ ਕਰ ਕੇ ਘਰ ਦੀ ਛੱਤ ਉੱਪਰ ਚਲਾ ਗਿਆ। ਜਦੋਂ ਉਹ ਕੁੱਝ ਦੇਰ ਬਾਅਦ ਰਾਤ ਦਾ ਖਾਣਾ ਲੈ ਕੇ ਛੱਤ ਉੱਪਰ ਗਈ ਤਾਂ ਦੇਖਿਆ ਕਿ ਉਸ ਦਾ ਪਤੀ ਛੱਤ ਉੱਪਰ ਖੂਨ ਨਾਲ ਲੱਥਪਥ ਪਿਆ ਹੋਇਆ ਸੀ, ਜਿਸ ਨੇ ਚਾਕੂ ਨਾਲ ਖ਼ੁਦ ਦੇ ਮੱਥੇ, ਛਾਤੀ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਵਾਰ ਕਰ ਕੇ ਖ਼ੁਦਕੁਸ਼ੀ ਕਰ ਲਈ। ਇਹ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਗੁਰਜੋਧਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ। ਮ੍ਰਿਤਕ ਦੀ ਪਤਨੀ ਲਲਿਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੂਬੇ ਭਰ 'ਚ ਅੱਜ ਪੰਜਾਬ ਪੁਲਸ ਚਲਾਵੇਗੀ ਵੱਡਾ ਸਰਚ ਆਪਰੇਸ਼ਨ, ਬਾਹਰੋਂ ਆਉਣ ਵਾਲਿਆਂ ਦੀ ਵੀ ਹੋਵੇਗੀ ਚੈਕਿੰਗ
ਪਹਿਲਾਂ ਗੁਆਂਢੀ ਨਾਲ ਝਗੜੇ ਦਾ ਪਿਆ ਰੌਲਾ
ਮ੍ਰਿਤਕ ਗੁਰਜੋਧਨ ਵਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਦੇ ਹੀ ਪਹਿਲਾਂ ਆਸ-ਪਾਸ ਰੌਲਾ ਪੈ ਗਿਆ ਕਿ ਗੁਰਜੋਧਨ ਦਾ ਆਪਣੇ ਗੁਆਂਢੀ ਨਾਲ ਝਗੜਾ ਹੋਇਆ ਹੈ। ਇਸ ਦੌਰਾਨ ਹੀ ਗੁਰਜੋਧਨ ਦੀ ਮੌਤ ਹੋਈ ਹੈ ਪਰ ਜਦੋਂ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਤੱਥਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਇਸ ਦੇ ਨਾਲ ਹੀ ਮ੍ਰਿਤਕ ਦੀ ਪਤਨੀ ਲਲਿਤਾ ਨੇ ਵੀ ਕਿਸੇ ਗੁਆਂਢੀ ਨਾਲ ਝਗੜੇ ਤੋਂ ਇਨਕਾਰ ਕੀਤਾ। ਥਾਣਾ ਮੁਖੀ ਇੰਦਰਜੀਤ ਬੋਪਾਰਾਏ ਅਨੁਸਾਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਪੁਲਸ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            