ਦੋਸਤਾਂ ਤੋਂ ਦੁਖੀ ਵਿਅਕਤੀ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ ''ਚ ਲਿਖਿਆ ਦਰਦ

Sunday, Aug 09, 2020 - 10:17 AM (IST)

ਦੋਸਤਾਂ ਤੋਂ ਦੁਖੀ ਵਿਅਕਤੀ ਨੇ ਮੌਤ ਨੂੰ ਲਾਇਆ ਗਲੇ, ਖ਼ੁਦਕੁਸ਼ੀ ਨੋਟ ''ਚ ਲਿਖਿਆ ਦਰਦ

ਬਠਿੰਡਾ (ਬਲਵਿੰਦਰ) : ਵੈਸੇ ਤਾਂ ਦੋਸਤ ਹਰੇਕ ਰਿਸ਼ਤੇ ਤੋਂ ਉੱਪਰ ਮੰਨੇ ਜਾਂਦੇ ਹਨ ਤੇ ਹਮੇਸ਼ਾਂ ਦੋਸਤ ਲਈ ਕੁਰਬਾਨੀ ਵੀ ਦੇ ਦਿੰਦੇ ਹਨ ਪਰ ਗੋਨਿਆਣਾ ’ਚ ਇਕ ਵਿਅਕਤੀ ਨੇ ਆਪਣੇ ਹੀ ਦੋ ਦੋਸਤਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ, ਜਿਸ ਨੇ ਇਕ ਖੁਦਕੁਸ਼ੀ ਨੋਟ ਵੀ ਛੱਡਿਆ ਹੈ। ਇਹ ਦੋਸ਼ ਮ੍ਰਿਤਕ ਦੇ ਪੁੱਤਰ ਵੱਲੋਂ ਲਗਾਏ ਗਏ ਹਨ।ਜਸਪ੍ਰੀਤ ਸਿੰਘ ਵਾਸੀ ਗੋਨਿਆਣਾ ਅਨੁਸਾਰ ਉਸ ਦੇ ਪਿਤਾ ਜਸਬੀਰ ਸਿੰਘ ਮੱਕੜ ਖੱਦਰ ਭੰਡਾਰ ਵਾਲੇ ਨੇ ਦੇਰ ਰਾਤ ਆਪਣੇ ਹੀ ਘਰ ਦੇ ਬਾਥਰੂਮ ’ਚ ਫਾਹਾ ਲੈ ਲਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮੱਕੜ ਦਾ ਦੋਸਤਾਨਾ ਇਥੋਂ ਦੇ ਦੋ ਪੰਪ ਮਾਲਕ ਭਰਾਵਾਂ ਨਾਲ ਸੀ। ਸੁਭਾਵਿਕ ਹੈ ਕਿ ਇਨ੍ਹਾਂ 'ਚ ਪੈਸਿਆਂ ਦਾ ਲੈਣ-ਦੇਣ ਵੀ ਹੁੰਦਾ ਸੀ। ਉਕਤ ਪੰਪ ਮਾਲਕ ਜਸਵੀਰ ਸਿੰਘ ਤੋਂ ਅਕਸਰ ਪੈਸੇ ਉਧਾਰ ਲੈ ਲੈਂਦੇ ਸਨ, ਜਦੋਂ ਕਿ ਜਸਵੀਰ ਸਿੰਘ ਨੇ ਉਕਤ ਨੂੰ ਹੋਰ ਲੋਕਾਂ ਤੋਂ ਵੀ ਵਿਆਜ਼ ’ਤੇ ਪੈਸੇ ਦਿਵਾਏ ਸਨ। ਹੁਣ ਤੱਕ ਕਰੀਬ 6 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਦੀ ਜ਼ਿੰਮੇਵਾਰੀ ਜਸਵੀਰ ਸਿੰਘ ਦੀ ਸੀ ਪਰ ਪੰਪ ਮਾਲਕ ਇਹ ਕਰਜ਼ਾ ਵਾਪਸ ਕਰਨ ਤੋਂ ਟਾਲ-ਮਟੋਲ ਕਰ ਰਹੇ ਸਨ।

ਸਿੱਟੇ ਵਜੋਂ ਜਸਵੀਰ ਸਿੰਘ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਇਸ ਲਈ ਦੇਰ ਰਾਤ ਉਸ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਮੁੱਢਲੀ ਪੜਤਾਲ ਤੋਂ ਬਾਅਦ ਪੰਪ ਮਾਲਕਾਂ ਖਿਲਾਫ਼ ਮੁਕੱਦਮਾ ਦਰਜ ਕਰ ਰਹੀ ਹੈ ਤੇ ਉਮੀਦ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ।
 


author

Babita

Content Editor

Related News