40 ਸਾਲਾਂ ਬਾਅਦ ਲਿਆ ਬਦਲਾ, ਉਸੇ ਜਗ੍ਹਾ ਉਸੇ ਦਾਤਰ ਨਾਲ ਵੱਢਿਆ

06/04/2019 10:49:22 PM

ਲਾਂਬੜਾ, (ਵਰਿੰਦਰ)— ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਰਾਮਪੁਰ ਲੱਲੀਆਂ ਵਿਖੇ ਮੰਗਲਵਾਰ ਫਿਲਮੀ ਸਟਾਈਲ ਵਿਚ ਇਕ ਘਟਨਾ ਵਾਪਰੀ, ਜਿਸ ਵਿਚ ਇਕ ਵਿਅਕਤੀ ਨੇ 40 ਸਾਲਾਂ ਬਾਅਦ ਆਪਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਵਿਅਕਤੀ 'ਤੇ ਦਾਤਰਾਂ ਨਾਲ ਵਾਰ ਕਰ ਕੇ ਉਸ ਨੂੰ ਬਹੁਤ ਗੰਭੀਰ ਹਾਲਤ 'ਚ ਜ਼ਖਮੀ ਕਰ ਦਿੱਤਾ। ਲਾਂਬੜਾ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਮ ਮੂਰਤੀ ਪੁੱਤਰ ਬਿਆਚਾਕ ਚੰਦ ਵਾਸੀ ਯੂ. ਪੀ. ਹਾਲ ਵਾਸੀ ਰਾਮਪੁਰ ਲੱਲੀਆਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਚਾਚੇ ਗੋਕੁਲ ਉਰਫ ਰਾਮ ਪੁੱਤਰ ਬਿੰਦਰਾ ਹਾਲ ਵਾਸੀ ਰਾਮਪੁਰ ਨਾਲ ਪਿੰਡ ਵਿਚ ਗੁਰਦਿਆਲ ਸਿੰਘ ਦੇ ਖੂਹ 'ਤੇ ਰਹਿੰਦਾ ਹੈ ਅਤੇ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਹਨ।
ਰਾਮ ਮੂਰਤੀ ਨੇ ਦੱਸਿਆ ਕਿ ਮੰਗਲਵਾਰ ਸਵੇਰ ਕਰੀਬ 11 ਵਜੇ ਵਿਸ਼ਵਨਾਥ ਉਰਫ਼ ਵਿਸ਼ਨੂੰ ਜੋ ਉਨ੍ਹਾਂ ਦੇ ਪਿੰਡ ਵਿਚ ਹੀ ਰਹਿੰਦਾ ਹੈ, ਗੁਰਦਿਆਲ ਸਿੰਘ ਦੇ ਖੂਹ 'ਤੇ ਆਇਆ ਅਤੇ ਉਸ ਦੇ ਚਾਚੇ ਨਾਲ ਗਾਲੀ-ਗਲੋਚ ਕਰਨ ਲੱਗਾ |ਜਦ ਉਸ ਦੇ ਚਾਚੇ ਨੇ ਇਸਦਾ ਵਿਰੋਧ ਕੀਤਾ ਤਾਂ ਵਿਸ਼ਵਨਾਥ ਨੇ ਦਾਤਰ ਕੱਢ ਕੇ ਉਸ ਦੇ ਚਾਚੇ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਜ਼ਮੀਨ 'ਤੇ ਡਿੱਗ ਪਿਆ ਤੇ ਰੋਲਾ ਪੈਂਦਾ ਦੇਖ ਕੇ ਉਥੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਸ਼ਵਨਾਥ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਸ਼ਵਨਾਥ ਨੇ ਪੁਲਸ ਨੂੰ ਕਈ ਸਾਲਾਂ ਪੁਰਾਣੀ ਦੁਸ਼ਮਣੀ ਦੀ ਹੈਰਾਨ ਕਰਨ ਵਾਲੀ ਕਹਾਣੀ ਦੱਸੀ ਹੈ | ਜਾਣਕਾਰੀ ਅਨੁਸਾਰ ਸਾਲ 1979 ਕਰੀਬ 40 ਸਾਲ ਪਹਿਲਾਂ ਇਸੇ ਗੋਕੁਲ ਉਰਫ ਰਾਮ ਜੋ ਮੰਗਲਵਾਰ ਗੰਭੀਰ ਜ਼ਖਮੀ ਹੈ, ਨੇ ਇਸੇ ਸਥਾਨ 'ਤੇ ਤੇ ਇਸੇ ਦਾਤਰ ਨਾਲ ਵਿਸ਼ਵਨਾਥ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਲੜਾਈ ਤੋਂ ਬਾਅਦ ਦਿਲ 'ਚ ਦੁਸ਼ਮਣੀ ਦੀ ਰੰਜਿਸ਼ ਪਾਲੀ ਬੈਠਾ ਵਿਸ਼ਵਨਾਥ ਆਪਣੇ ਪਿੰਡ ਯੂ. ਪੀ. ਚਲਾ ਗਿਆ। ਉਥੇ ਕੁਝ ਦੇਰ ਬਾਅਦ ਉਸ ਨੇ ਆਪਣਾ ਵਿਆਹ ਕਰਵਾਇਆ ਫਿਰ ਉਸ ਦੇ ਬੱਚੇ ਪੈਦਾ ਹੋਏ। ਇਹ ਦੁਸ਼ਮਣੀ ਵਾਲੀ ਗੱਲ ਆਪਣੀ ਪਤਨੀ ਨੂੰ ਵੀ ਦੱਸੀ ਪਰ ਉਸ ਸਮੇਂ ਉਸ ਦੀ ਪਤਨੀ ਨੇ ਬੱਚਿਆਂ ਦਾ ਵਾਸਤਾ ਦੇ ਕੇ ਉਸ ਨੂੰ ਇਸ ਤਰ੍ਹਾਂ ਕੁਝ ਕਰਨ ਤੋਂ ਰੋਕ ਦਿੱਤਾ।
ਫਿਰ ਸਮਾਂ ਬੀਤਿਆ ਤੇ ਬੱਚਿਆਂ ਦੇ ਵਿਆਹ ਹੋ ਗਏ। ਉਸ ਤੋਂ ਕੁਝ ਸਮੇਂ ਬਾਅਦ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਵਿਸ਼ਵਨਾਥ ਨੇ ਸੋਚਿਆ ਕਿ ਹੁਣ ਉਸ 'ਤੇ ਪਰਿਵਾਰ ਦਾ ਕੋਈ ਦਬਾਅ ਨਹੀਂ ਹੈ, ਇਸ ਲਈ ਉਹ ਹੁਣ 40 ਸਾਲ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਆਜ਼ਾਦ ਹੈ।
ਵਿਸ਼ਵਨਾਥ ਨੇ ਕਿਹਾ ਕਿ ਮੰਗਲਵਾਰ ਇਸ ਘਟਨਾ ਨੂੰ ਅੰਜਾਮ ਦੇ ਕੇ ਉਸ ਨੇ ਆਪਣਾ ਬਦਲਾ ਲਿਆ ਹੈ। ਵਿਸ਼ਵਨਾਥ ਨੇ ਦੱਸਿਆ ਕਿ ਉਸ ਨੂੰ ਜਿਸ ਦਾਤਰ ਨਾਲ 40 ਸਾਲ ਪਹਿਲਾਂ ਗੰਭੀਰ ਜ਼ਖਮੀ ਕੀਤਾ ਗਿਆ ਸੀ, ਉਸ ਨੇ ਉਸੇ ਦਾਤਰ ਨਾਲ ਬਦਲਾ ਪੂਰਾ ਕਰਨ ਲਈ ਦਾਤਰ ਸੰਭਾਲ ਕੇ ਆਪਣੇ ਕੋਲ ਰੱਖ ਲਿਆ। ਪੁਲਸ ਵਲੋਂ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਸੀ।
 


KamalJeet Singh

Content Editor

Related News