ਉਧਾਰ ਦਿੱਤੇ ਪੈਸੇ ਮੰਗਣ ''ਤੇ ਕੀਤਾ ਜਾਨਲੇਵਾ ਹਮਲਾ, ਗ੍ਰਿਫ਼ਤਾਰ
Tuesday, Jan 28, 2025 - 01:15 PM (IST)
ਖਰੜ (ਰਣਬੀਰ) : ਉਧਾਰ ਦਿੱਤੇ ਪੈਸੇ ਵਾਪਸ ਮੰਗਣਾ ਪਰਵਾਸੀ ਨੌਜਵਾਨ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਵਿਅਕਤੀ ਨੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ’ਚ ਜ਼ਖ਼ਮੀ ਮਹੀਪਾਲ (25) ਨੂੰ ਗੰਭੀਰ ਹਾਲਤ ’ਚ ਪੀ. ਜੀ. ਆਈ. ’ਚ ਦਾਖ਼ਲ ਕਰਵਾਇਆ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਸਿਟੀ ਪੁਲਸ ਨੇ ਜ਼ਖ਼ਮੀ ਦੇ ਭਰਾ ਨੰਨੇ ਦੀ ਸ਼ਿਕਾਇਤ ’ਤੇ ਬਿਹਾਰ ਵਾਸੀ ਮੁੰਨਾ ਕੁਮਾਰ ਸਰਦਾਰ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਨੰਨੇ ਨੇ ਦੱਸਿਆ ਕਿ ਉਸ ਦਾ ਭਰਾ ਮਹੀਪਾਲ (25) ਖਰੜ ਦੇ ਖਾਨਪੁਰ ’ਚ ਕਿਰਾਏ ਦੇ ਘਰ ’ਚ ਰਹਿੰਦਾ ਹੈ ਤੇ ਮਿਹਨਤ-ਮਜ਼ਦੂਰੀ ਕਰਦਾ ਹੈ। ਉਸ ਦੇ ਭਰਾ ਨਾਲ ਉਸੇ ਘਰ ’ਚ ਮੁੰਨਾ ਕੁਮਾਰ ਸਰਦਾਰ ਵੀ ਰਹਿੰਦਾ ਹੈ। ਮਹੀਪਾਲ ਨੇ ਦੱਸਿਆ ਸੀ ਕਿ ਮੁੰਨਾ ਨੇ ਉਸ ਤੋਂ ਕੁੱਝ ਪੈਸੇ ਉਧਾਰ ਲਏ ਸਨ ਪਰ ਪੈਸੇ ਵਾਪਸ ਮੰਗਣ ’ਤੇ ਮੁੰਨਾ ਉਸ ਨੂੰ ਬੁਰਾ-ਭਲਾ ਕਹਿੰਦਾ ਸੀ ਤੇ ਧਮਕੀਆਂ ਦਿੰਦਾ ਸੀ। 25 ਦਸੰਬਰ ਨੂੰ ਉਸ ਦੇ ਰਿਸ਼ਤੇਦਾਰ ਨੇ ਫ਼ੋਨ ’ਤੇ ਸੂਚਨਾ ਦਿੱਤੀ ਕਿ ਮਹੀਪਾਲ ਤੇ ਮੁੰਨਾ ਵਿਚਾਲੇ ਝਗੜਾ ਹੋ ਗਿਆ ਹੈ, ਜਿੱਥੇ ਮਹੀਪਾਲ ਗੰਭੀਰ ਜ਼ਖ਼ਮੀ ਹੋ ਗਿਆ।
ਉਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਸੂਚਨਾ ਮਿਲਣ ’ਤੇ ਪੀ. ਜੀ. ਆਈ. ਪਹੁੰਚਿਆ। ਨੰਨੇ ਮੁਤਾਬਕ ਉਸ ਨੇ ਨਿੱਜੀ ਤੌਰ ’ਤੇ ਖਾਨਪੁਰ ਜਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੂੰ ਯਕੀਨ ਹੋਇਆ ਕਿ ਉਸ ਦੇ ਭਰਾ ਨੂੰ ਪੈਸਿਆਂ ਦੀ ਰੰਜਿਸ਼ ਦੇ ਚਲਦਿਆਂ ਮੁੰਨਾ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਜਾਨਲੇਵਾ ਹਮਲਾ ਕੀਤਾ ਹੈ।