ਬਰਖ਼ਾਸਤ AIG ਰਾਜਜੀਤ ਸਿੰਘ ਨਵੇਂ ਮੁੱਕਦਮੇ ''ਚ ਗ੍ਰਿਫ਼ਤਾਰ, 4 ਦਿਨ ਦੇ ਰਿਮਾਂਡ ''ਤੇ
Saturday, Oct 03, 2026 - 11:50 AM (IST)
ਮੋਹਾਲੀ (ਜਸਬੀਰ ਜੱਸੀ) : ਨਸ਼ਿਆਂ ਖ਼ਿਲਾਫ਼ ਬਣਾਈ ਗਈ ਟੀਮ ਏ. ਐਨ. ਟੀ. ਐਫ ਵਲੋਂ ਬਰਖਾਸਤ ਏ. ਆਈ. ਜੀ ਰਾਜਜੀਤ ਸਿੰਘ ਨੂੰ ਪੁਲਸ ਸਟੇਸ਼ਨ (ਏ.ਐਨ.ਟੀ.ਐਫ) ਮੋਹਾਲੀ ਵਾਲੇ ਦਰਜ ਮੁੱਕਦਮੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਟੀਮ ਵਲੋਂ ਰਾਜਜੀਤ ਸਿੰਘ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰ ਕੇ ਉਸ ਦਾ 7 ਦਿਨ ਦਾ ਪੁਲਸ ਰਿਮਾਂਡ ਮੰਗਿਆ ਗਿਆ, ਜਦੋਂ ਕਿ ਬਚਾਅ ਪੱਖ ਵਲੋਂ ਪੇਸ਼ ਹੋਏ ਐਡਵੋਕੇਟ ਐਚ. ਐਸ. ਧਨੋਆ ਵਲੋਂ ਪੁਲਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਕਿ ਰਾਜਜੀਤ ਪਹਿਲਾਂ ਹੀ ਏ.ਐਨ.ਟੀ.ਐਫ ਦੀ ਹਿਰਾਸਤ 'ਚ ਹੈ। ਅਦਾਲਤ ਵਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰਾਜਜੀਤ ਸਿੰਘ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਰਾਜਜੀਤ ਸਿੰਘ ਨੂੰ ਪੁਰਾਣੇ ਮੁਕੱਦਮੇ 'ਚ ਅਦਾਲਤ ਵਲੋਂ ਜੁਡੀਸ਼ੀਅਲ ਕਰ ਦਿੱਤਾ ਗਿਆ ਹੈ। ਏ.ਐਨ.ਟੀ.ਐਫ ਵਲੋਂ ਇਸ ਦਰਜ ਕੀਤੇ ਗਏ 1\17 ਨੰਬਰ ਮਾਮਲੇ 'ਚ ਸਭ ਤੋਂ ਪਹਿਲਾਂ ਕਪੂਰਥਲਾ 'ਚ ਤਾਇਨਾਤ ਰਹੇ ਇੰਸਪੈਕਟਰ (ਸੀ. ਆਈ. ਏ. ਇੰਚਾਰਜ) ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੀ ਨਿਸ਼ਾਨਦੇਹੀ ਤੇ ਸਹਾਇਕ ਥਾਣੇਦਾਰ ਅਜਾਇਬ ਸਿੰਘ ਨੂੰ ਵੀ ਕਪੂਰਥਲਾ ਜ਼ਿਲ੍ਹੇ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਂਚ ਟੀਮ ਵਲੋਂ ਅਜਾਇਬ ਸਿੰਘ ਕੋਲੋਂ ਨਸ਼ੀਲੇ ਕੈਪਸੂਲ, ਨਸ਼ੀਲੀਆਂ ਸ਼ੀਸ਼ੀਆਂ, 1 ਬ੍ਰਾਜੀਲ ਦਾ 32 ਬੋਰ ਰਿਵਾਲਵਰ, 71 ਵੱਖ-ਵੱਖ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪੁਲਸ ਸੂਤਰਾਂ ਮੁਤਾਬਕ ਅਜਾਇਬ ਸਿੰਘ ਆਪਣੇ ਸੀਨੀਅਰ ਅਫ਼ਸਰ ਇੰਸਪੈਕਟਰ ਇੰਦਰਜੀਤ ਸਿੰਘ ਦਾ ਕਰੀਬੀ ਸੀ ਅਤੇ ਸੀ.ਆਈ.ਏ ਸਟਾਫ਼ 'ਚ ਕਾਫੀ ਸਮਾਂ ਇਕੱਠੇ ਕੰਮ ਵੀ ਕਰਦੇ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇੰਦਰਜੀਤ ਸਿੰਘ ਵਲੋਂ ਉਕਤ ਸਹਾਇਕ ਥਾਣੇਦਾਰ ਅਜਾਇਬ ਸਿੰਘ ਕੋਲ ਨਸ਼ੀਲੇ ਕੈਪਸੂਲ, ਸ਼ੀਸ਼ੀਆਂ, ਕਾਰਤੂਸ ਅਤੇ ਰਿਵਾਲਵਰ ਆਦੀ ਰੱਖ ਕੇ ਗਿਆ ਸੀ। ਪੁਲਸ ਨੂੰ ਸ਼ੱਕ ਹੈ ਕਿ ਅਜਾਇਬ ਸਿੰਘ ਵੀ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾੜੇ ਕੰਮਾਂ 'ਚ ਪੂਰਾ ਸਾਥ ਦਿੰਦਾ ਸੀ।
ਦੱਸਣਯੋਗ ਹੈ ਕਿ ਜਾਂਚ ਟੀਮ ਵਲੋਂ ਇੰਸਪੈਕਟਰ ਇੰਦਰਜੀਤ ਸਿੰਘ ਨੂੰ 4 ਕਿੱਲੋ ਹੈਰੋਇਨ, 3 ਕਿੱਲੋ ਸਮੈਕ, ਪਿਸਟਲ, ਏ. ਕੇ 47, 16 ਲੱਖ 50 ਹਜਾਰ ਇੰਡੀਅਨ ਕਰੰਸੀ, 3550 ਪੌਂਡ ਅਤੇ ਸੈਂਕੜਿਆਂ ਦੀ ਤਦਾਦ 'ਚ ਬਰਾਮਦ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ। ਇੰਦਰਜੀਤ ਸਿੰਘ 'ਤੇ ਦੋਸ਼ ਹੈ ਕਿ ਉਹ ਇਹ ਸਾਰਾ ਕੁੱਝ ਤਤਕਾਲੀ ਐੱਸ. ਐੱਸ. ਪੀ ਰਹੇ ਰਾਜਜੀਤ ਸਿੰਘ ਦੇ ਇਸ਼ਾਰੇ 'ਤੇ ਨਜਾਇਜ਼ ਕੰਮਾ ਨੂੰ ਅੰਜਾਮ ਦਿੰਦਾ ਸੀ। ਰਾਜਜੀਤ ਸਿੰਘ ਨੂੰ ਜਦੋਂ ਇਸ ਮੁਕੱਦਮੇ 'ਚ ਨਾਮਜ਼ਦ ਕੀਤਾ ਗਿਆ ਤਾਂ ਉਹ ਫ਼ਰਾਰ ਹੋ ਗਿਆ ਸੀ। ਉਧਰ ਤਤਕਾਲੀ ਸੀ.ਆਈ.ਏ ਇੰਚਾਰਜ ਇੰਦਰਜੀਤ ਸਿੰਘ 2017 ਤੋਂ ਲੈ ਕੇ ਹੁਣ ਤੱਕ ਜੇਲ 'ਚ ਹੀ ਹੈ ਅਤੇ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।
