ਸਰਹਿੰਦ ਜੀ.ਟੀ. ਰੋਡ ’ਤੇ ਦੁਕਾਨ ਬਾਹਰ ਖੜ੍ਹੀ ਬਲੈਰੋ ਗੱਡੀ ’ਤੇ ਚੱਲੀਆਂ ਗੋਲੀਆਂ
Monday, Oct 26, 2026 - 07:58 PM (IST)
ਫ਼ਤਹਿਗੜ੍ਹ ਸਾਹਿਬ (ਬਿਪਨ): ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਜੀ.ਟੀ. ਰੋਡ ’ਤੇ ਸਥਿਤ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਦੁਕਾਨ ਦੇ ਬਾਹਰ ਖੜ੍ਹੀ ਮਹਿੰਦਰਾ ਬਲੈਰੋ ਗੱਡੀ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਦੁਕਾਨ ਦੇ ਮਾਲਕ ਵੱਲੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਤੇਜਵੰਤ ਸਿੰਘ ਭਸੀਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਹਿੰਦ ਜੀ.ਟੀ. ਰੋਡ ’ਤੇ ਬੱਸਾਂ ਅਤੇ ਟਰੱਕਾਂ ਦੇ ਸਪੇਅਰ ਪਾਰਟਸ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਮਹਿੰਦਰਾ ਬਲੈਰੋ ਗੱਡੀ ’ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਅਨੁਸਾਰ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਮਾਮਲੇ ਵਿੱਚ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।ਇਸ ਘਟਨਾ ਸਬੰਧੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਲੀ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕਾਫ਼ੀ ਡਾਵਾਂਡੋਲ ਹੋ ਚੁੱਕੀ ਹੈ। ਉਨ੍ਹਾਂ ਦੇ ਕਹਿਣ ਅਨੁਸਾਰ ਸੂਬੇ ਵਿਚ ਹਰ ਰੋਜ਼ ਫਿਰੌਤੀਆਂ ਮੰਗਣ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਪੁਲਿਸ ਇਸ ਸਥਿਤੀ ਨੂੰ ਕਾਬੂ ਕਰਨ ਵਿੱਚ ਨਾਕਾਮ ਸਾਬਤ ਹੋ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਢੁਕਵੀਂ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਤਾਂ ਸਬੰਧਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਸਾਥ ਮਨਾ ਕਰ ਦਿੱਤਾ। ਹਾਲਾਂਕਿ, ਘਟਨਾ ਵਿੱਚ ਵਰਤੇ ਗਏ ਹਥਿਆਰ ਦੀ ਕਿਸਮ ਅਤੇ ਗੋਲੀਬਾਰੀ ਦੇ ਅਸਲ ਕਾਰਨਾਂ ਬਾਰੇ ਪੁਲਿਸ ਦੀ ਅਧਿਕਾਰਤ ਪੁਸ਼ਟੀ ਸਾਹਮਣੇ ਆਉਣੀ ਅਜੇ ਬਾਕੀ ਹੈ।
