ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਜਾਅਲੀ ਵੈੱਬਸਾਈਟ ਚਲਾਉਣ ਵਾਲਾ ਗ੍ਰਿਫ਼ਤਾਰ
Monday, Mar 03, 2025 - 05:20 PM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਪੁਲਸ ਦੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਦੀ ਤਰਜ਼ ’ਤੇ ਫਰਜ਼ੀ ਵੈੱਬਸਾਈਟ ਬਣਾ ਕੇ ਜਾਅਲੀ ਰਸੀਦਾਂ, ਫਾਰਮ ਤਿਆਰ ਕਰਕੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ 'ਚ ਸ਼ਾਮਲ ਵਾਹਨਾਂ ਨੂੰ ਸੁਖਾਲੀ ਆਵਾਜਾਈ ਦੀ ਸਹੂਲਤ ਦੇਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਦਿੱਤੀ। ਦੋਸ਼ੀ ਦੀ ਪਛਾਣ ਖਰੜ (ਐੱਸ. ਏ. ਐੱਸ. ਨਗਰ) ਦੇ ਰਹਿਣ ਵਾਲੇ ਗੌਰਵ ਕੁਮਾਰ ਵਜੋਂ ਹੋਈ ਹੈ,ਜੋ ਮਾਈਨਿੰਗ ਵਿਭਾਗ ਦੀ ਅਸਲ ਅਧਿਕਾਰਤ ਵੈੱਬਸਾਈਟ ’minesgeologypunjab.gov.in’ ਦੀ ਤਰਜ਼ ’ਤੇ ਇਸ ਨਾਲ ਮਿਲਦੀ-ਜੁਲਦੀ ਵੈੱਬਸਾਈਟ ’minesgeologypunjab.in’ ਬਣਾ ਕੇ ਗ਼ੈਰ-ਕਾਨੂੰਨੀ ਖਣਨ ਗਤਿਵਿਧੀਆਂ ਕਰਨ ਵਾਲਿਆਂ ਨੂੰ ਸਹੂਲਤ ਦਿੰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਵਾਈ 'ਤੇ ਮੁਕੰਮਲ ਪਾਬੰਦੀ! ਕੈਮਿਸਟਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਜ਼ਿਕਰਯੋਗ ਹੈ ਕਿ ਦੋਸ਼ੀ ਨੇ ਨਵੰਬਰ, 2024 'ਚ ਇੱਕ ਫਰਜ਼ੀ ਵੈੱਬਸਾਈਟ ਬਣਾਈ ਸੀ, ਜੋ ਜਨਵਰੀ, 2025 ਤੱਕ ਕਾਰਜਸ਼ੀਲ ਰਹੀ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਫਰਜ਼ੀ ਸਲਿੱਪਾਂ 'ਚ ਅਧਿਕਾਰਤ ਮਾਈਨਿੰਗ ਵੈੱਬਸਾਈਟ ਦੀ ਤਰਜ਼ ’ਤੇ ਇੱਕ ਬਾਰ/ਕਿਊਆਰ ਸਕੈਨਰ ਕੋਡ ਵੀ ਹੁੰਦਾ ਸੀ, ਜੋ ਵਾਹਨਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਲਗਾਈਆਂ ਸਾਰੀਆਂ ਸੁਰੱਖਿਆ ਜਾਂਚਾਂ ਨੂੰ ਪਾਸ ਕਰਨ 'ਚ ਮਦਦ ਕਰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਫਿਰੋਜ਼ਪੁਰ ਦੇ ਇੱਕ ਵਿਅਕਤੀ ਨਾਲ ਮਿਲ ਕੇ 2000 ਤੋਂ ਵੱਧ ਫ਼ਰਜ਼ੀ ਮਾਈਨਿੰਗ ਰਸੀਦਾਂ ਤਿਆਰ ਕੀਤੀਆਂ, ਜਿਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਗਭਗ 40-50 ਲੱਖ ਰੁਪਏ ਦਾ ਖੋਰਾ ਲੱਗਾ।
ਡੀ. ਜੀ. ਪੀ. ਨੇ ਕਿਹਾ ਕਿ ਵੈੱਬਸਾਈਟ ਬੈਕਅੱਪ, ਜਿਸ 'ਚ ਫਰਜ਼ੀ ਰਸੀਦਾਂ, ਵਾਹਨਾਂ ਦੀਆਂ ਤਸਵੀਰਾਂ, ਮਾਈਨਿੰਗ ਸਮੱਗਰੀ ਦੇ ਸਰੋਤਾਂ ਅਤੇ ਪਹੁੰਚ ਸਬੰਧੀ ਵੇਰਵੇ ਅਤੇ ਅਪਰਾਧ 'ਚ ਵਰਤੇ ਗਏ ਕੰਪਿਊਟਰ ਸਿਸਟਮ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਬੇਨਿਯਮੀ 'ਚ ਸ਼ਾਮਲ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ। ਹੋਰ ਵੇਰਵੇ ਸਾਂਝੇ ਕਰਦੇ ਹੋਏ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਸਾਈਬਰ ਕ੍ਰਾਈਮ ਡਿਵੀਜ਼ਨ ਵੀ. ਨੀਰਜਾ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਮੁੱਖ ਇੰਜੀਨੀਅਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਅਧਿਕਾਰਤ ਵੈੱਬਸਾਈਟ ਦੀ ਤਰਜ਼ ’ਤੇ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਸੁਖਾਲੇ ਢੰਗ ਨਾਲ ਅੰਜਾਮ ਦੇਣ ਲਈ ਇੱਕ ਫ਼ਰਜ਼ੀ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਇਹ ਜਾਅਲੀ ਵੈੱਬਸਾਈਟ ਅਮਰੀਕਾ-ਆਧਾਰਿਤ ਡੋਮੇਨ ਪ੍ਰੋਵਾਈਡਰ, ‘ਗੋ-ਡੈਡੀ’ ’ਤੇ ਰਜਿਸਟਰਡ ਅਤੇ ਹੋਸਟ ਕੀਤੀ ਗਈ ਸੀ। ਜਦੋਂ ਸਾਈਬਰ ਕ੍ਰਾਈਮ ਅਧਿਕਾਰੀਆਂ ਨੇ ‘ਗੋ-ਡੈਡੀ’ ਦੇ ਕਾਨੂੰਨੀ ਅਧਿਕਾਰੀਆਂ ਅਤੇ ਵੱਖ-ਵੱਖ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨਾਲ ਤਾਲਮੇਲ ਕਰਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਫਰਜ਼ੀ ਵੈੱਬਸਾਈਟ ਮੁਲਜ਼ਮ ਗੌਰਵ ਕੁਮਾਰ ਵੱਲੋਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਸਾਈਬਰ ਕ੍ਰਾਈਮ ਸਿਮਰਨਜੀਤ ਸਿੰਘ ਦੀ ਅਗਵਾਈ ਵਾਲੀਆਂ ਪੁਲਸ ਟੀਮਾਂ ਨੇ ਮੁਲਜ਼ਮ ਦੇ ਆਈ. ਪੀ. ਐਡਰੈੱਸ ਅਤੇ ਮੋਬਾਈਲ ਨੰਬਰਾਂ ਦੀ ਪੜਤਾਲ ਕਰਕੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਨਾਲ ਮੁਲਜ਼ਮ ਗੌਰਵ ਕੁਮਾਰ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ।
ਪੁਲਸ ਟੀਮਾਂ ਨੇ ਇਸ ਧਾਂਦਲੀ 'ਚ ਸ਼ਾਮਲ ਦੂਜੇ ਦੋਸ਼ੀ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਸ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਏ. ਡੀ. ਜੀ. ਪੀ. ਵੀ. ਨੀਰਜਾ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੇ ਗਏ ਰਿਕਾਰਡਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਤਿਆਰ ਕੀਤੇ ਗਏ ਜ਼ਿਆਦਾਤਰ ਫ਼ਰਜ਼ੀ ਮਾਈਨਿੰਗ ਫਾਰਮ ਲੁਧਿਆਣਾ ਸਥਿਤ ਨਵਯੁਗ ਨਾਂ ਦੀ ਫਰਮ ਨਾਲ ਸਬੰਧਿਤ ਹਨ। ਇਸ ਸਬੰਧ 'ਚ ਐੱਫ. ਆਈ. ਆਰ. ਨੰਬਰ 2 ਮਿਤੀ 11/2/2025 ਪੁਲਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ, ਪੰਜਾਬ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8