ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਗ੍ਰਿਫ਼ਤਾਰ, ਮਾਮਲਾ ਦਰਜ
Thursday, Jun 11, 2026 - 12:29 PM (IST)
ਫਿਰੋਜ਼ਪੁਰ (ਰਾਜੇਸ਼ ਢੰਡ) : ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਅਸ਼ਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਹਰਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗਣੇਸ਼ ਇਨਕਲੇਵ ਮੱਲਾਂਵਾਲਾ ਰੋਡ, ਫਿਰੋਜ਼ਪੁਰ ਸ਼ਹਿਰ ਜਿਸ ਦੀ ਦੁਕਾਨ ਭੁੱਲਰ ਮੈਡੀਕਲ ਸਟੋਰ, ਮੱਲਾਂਵਾਲਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਹੈ, ਜੋ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੇਚਣ ਦਾ ਕੰਮ ਕਰਦਾ ਹੈ, ਜੋ ਸਰਕਾਰ ਵੱਲੋਂ ਪਾਬੰਦੀਸ਼ੁਦਾ ਹੈ।
ਉਹ ਸਾਰਾ ਕੁੱਝ ਜਾਣਦੇ ਹੋਏ ਵੀ ਭੋਲੇ-ਭਾਲੇ ਨੌਜਵਾਨਾਂ ਨੂੰ ਵੇਚ ਰਿਹਾ ਹੈ। ਇਸ ਦਾ ਸੇਵਨ ਕਰਨ ਨਾਲ ਨੌਜਵਾਨਾਂ ਦੀ ਮੌਤ ਹੋ ਸਕਦੀ ਹੈ। ਅੱਜ ਵੀ ਆਰ. ਐੱਸ. ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਦੇ ਨਾਲ ਜਾਂਦੀ ਗਲੀ ਵਿਚ ਅੱਗੇ ਜਾ ਕੇ ਖਾਲੀ ਜਗ੍ਹਾ ’ਤੇ ਗੋਲੀਆਂ ਅਤੇ ਕੈਪਸੂਲ ਵੇਚਣ ਲਈ ਗਾਹਕਾਂ ਪਾਸ ਜਾ ਰਿਹਾ ਹੈ। ਜੇਕਰ ਉਸ ’ਤੇ ਹੁਣੇ ਹੀ ਛਾਪੇਮਾਰੀ ਕੀਤੀ ਜਾਵੇ ਤਾਂ ਰੰਗੇ ਹੱਥੀਂ ਕਾਬੂ ਆ ਸਕਦਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ’ਤੇ ਛਾਪੇਮਾਰੀ ਕੀਤੀ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ 83 ਪੱਤੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
