ਬਾਹਰਲੇ ਸੂਬਿਆਂ ਤੋਂ ਲਿਆ ਕੇ ਨਾਜਾਇਜ਼ ਸ਼ਰਾਬ ਵੇਚਣ ਵਾਲਾ 60 ਬੋਤਲਾਂ ਸਮੇਤ ਕਾਬੂ

Wednesday, Apr 27, 2022 - 04:05 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਸੁਧਾਰ ਦੀ ਪੁਲਸ ਨੇ ਇਕ ਸ਼ਰਾਬ ਤਸਕਰ ਨੂੰ ਉਦੋਂ ਦਬੋਚ ਲਿਆ, ਜਦੋਂ ਉਹ ਬਾਹਰਲੇ ਸੂਬੇ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਦੀ ਫਿਰਾਕ ’ਚ ਗਾਹਕਾਂ ਦੀ ਉਡੀਕ ਕਰ ਰਿਹਾ ਸੀ। ਉਸ ਕੋਲੋਂ 60 ਬੋਤਲਾਂ ਫਾਰ ਸੇਲ ਹਰਿਆਣਾ ਵੀ ਬਰਾਬਦ ਹੋਈਆਂ। ਥਾਣਾ ਮੁਖੀ ਕਿਰਨਦੀਪ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਰੁਪਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪੱਖੋਵਾਲ ਜੋ ਕਿ ਬਾਹਰਲੇ ਸੂਬਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਦਾ ਗੋਰਖਧੰਦਾ ਕਰਦਾ ਹੈ।

ਸ਼ਮਸ਼ਾਨਘਾਟ ਪੱਖੋਵਾਲ ਕੋਲ ਸ਼ਰਾਬ ਵੇਚਣ ਦੀ ਤਾਕ ’ਚ ਬੈਠਾ ਹੈ। ਜੇਕਰ ਉਸ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਗੱਟੂਆਂ ’ਚ ਪਾਈਆਂ 60 ਸ਼ਰਾਬ ਦੀਆਂ ਬੋਤਲਾਂ ਮਾਰਕਾ ਫਸਟ ਚੁਆਇੰਸ (ਫਾਰ ਸੇਲ ਹਰਿਆਣਾ) ਬਰਾਮਦ ਹੋਈਆਂ। ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਰਾਬ ਤਸਕਰ ’ਤੇ ਵੱਖ-ਵੱਖ ਥਾਣਿਆਂ ਵਿਚ ਕਰੀਬ 3 ਪਰਚੇ ਪਹਿਲਾਂ ਹੀ ਦਰਜ ਹਨ ਅਤੇ ਪੁਲਸ ਨੂੰ ਇਸ ਦੀ ਲੰਮੇ ਸਮੇਂ ਤੋਂ ਭਾਲ ਸੀ। ਇਸ ਤੋਂ ਹੋਰ ਵੀ ਪੁੱਛਗਿੱਛ ਜਾਰੀ ਹੈ।
 


Babita

Content Editor

Related News