ਧੀ ਦੀ ਲਾਲਸਾ ਨੇ ਬਣਾਇਆ ਅਪਰਾਧੀ, ਮਾਸੂਮ ਬੱਚੀ ਨੂੰ ਕੀਤਾ ਅਗਵਾ, ਪੁਲਸ ਨੇ ਇੰਝ ਖੋਲ੍ਹਿਆ ਭੇਤ
Monday, Oct 26, 2020 - 10:08 AM (IST)
ਲੁਧਿਆਣਾ (ਜ.ਬ.) : ਵਿਸ਼ਾਲ ਨਗਰ ਤੋਂ ਅਗਵਾ ਹੋਈ 2 ਸਾਲ ਦੀ ਬੱਚੀ ਨੂੰ ਸਖ਼ਤ ਮਸ਼ਕੱਤ ਤੋਂ ਬਾਅਦ ਪੁਲਸ ਨੇ ਐਤਵਾਰ ਨੂੰ ਨਿਊ ਕੈਲਾਸ਼ ਨਗਰ ਤੋਂ ਸਹੀ-ਸਲਾਮਤ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੱਕ ਪੁੱਜਣ ਲਈ ਪੁਲਸ ਨੇ ਦਿਨ-ਰਾਤ ਮਿਹਨਤ ਕਰ ਕੇ ਲਗਭਗ 300 ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਅਤੇ ਬੱਚੀ ਦੇ ਘਰ ਤੋਂ ਲਗਭਗ 10 ਮਿਲੋਮੀਟਰ ਦੂਰ ਰਿਹਾਇਸ਼ੀ ਇਲਾਕੇ 'ਚ ਮੁਲਜ਼ਮ ਦੇ ਕਮਰੇ ’ਚੋਂ ਬਰਾਮਦ ਕਰ ਲਿਆ, ਜਿੱਥੇ ਉਹ ਮੁਲਜ਼ਮ ਦੀ ਪਤਨੀ ਪੂਜਾ ਤੇ ਉਸ ਦੇ 3 ਸਾਲ ਦੇ ਬੇਟੇ ਸੂਰਜ ਦੇ ਨਾਲ ਸੀ। ਦੱਸਣਯੋਗ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਲਗਭਗ ਡੇਢ ਵਜੇ ਬੱਚਿਆਂ ਨਾਲ ਖਾਲੀ ਪਲਾਟ ’ਚੋਂ ਖੇਡਦੇ ਸਮੇਂ ਸਿੱਧੀ ਘਰ ਦੇ ਬਾਹਰੋਂ ਅਗਵਾ ਹੋ ਗਈ ਸੀ।
ਇਹ ਵੀ ਪੜ੍ਹੋ : 'ਸਿੱਧੂ' ਬਾਰੇ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲੇ 'ਕੈਪਟਨ', ਪਿਘਲਣ ਲੱਗੀ ਰਿਸ਼ਤੇ 'ਤੇ ਜੰਮੀ ਬਰਫ਼
ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ ਦੀਪਕ ਪਾਰਿਕ ਖੁਦ ਮੈਦਾਨ 'ਚ ਉਤਰੇ ਅਤੇ ਜਾਂਚ ਦੀ ਕਮਾਨ ਆਪਣੇ ਹੱਥ 'ਚ ਲਈ। ਸਰਚ ਮੁਹਿੰਮ ਚਲਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਸਾਈਕਲ ਸਵਾਰ ਅਗਵਾਕਰਤਾ ਦਾ ਪਿੱਛਾ ਕਰਦੇ ਹੋਏ ਪੁਲਸ ਨਿਊ ਕੈਲਾਸ਼ ਨਗਰ ਇਲਾਕੇ 'ਚ ਪੁੱਜੀ ਅਤੇ ਸਾਈਕਲ ਦੀ ਮੁਰੰਮਤ ਕਰਨ ਵਾਲੇ ਤਰਸੇਮ ਚੰਦ ਸ਼ਰਮਾ ਦੇ ਮਕਾਨ ’ਚੋਂ ਸਿੱਧੀ ਨੂੰ ਸਹੀ-ਸਲਾਮਤ ਬਰਾਮਦ ਕੀਤਾ। ਉਧਰ ਇਸ ਕਾਮਯਾਬੀ ’ਤੇ ਗਦਗਦ ਹੋਏ ਜੁਆਇੰਟ ਪੁਲਸ ਕਮਿਸ਼ਨਰ ਭਾਗੀਰਥੀ ਸਿੰਘ ਮੀਣਾ ਨੇ ਪ੍ਰੈੱਸ ਕਾਨਫਰੰਸ 'ਚ ਦੀਪਕ ਪਾਰਿਕ ਅਸਿਸਟੈਂਟ ਪੁਲਸ ਕਮਿਸ਼ਨਰ ਗੁਰਬਿੰਦਰ ਸਿੰਘ, ਥਾਣਾ ਜੋਧੇਵਾਲ ਇੰਚਾਰਜ ਅਰਸ਼ਪ੍ਰੀਤ ਕੌਰ ਦੀ ਪਿੱਠ ਥਪਥਪਾਉਂਦੇ ਹੋਏ ਦੱਸਿਆ ਕਿ ਫੜ੍ਹੇ ਗਏ ਮੁਲਜ਼ਮ ਦੀ ਪਛਾਣ 26 ਸਾਲਾ ਰਾਘਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਮੂਲ ਰੂਪ 'ਚ ਜ਼ਿਲ੍ਹਾ ਕਾਨਪੁਰ ਦੇ ਪਿੰਡ ਉਨਾਵ ਦਾ ਰਹਿਣ ਵਾਲਾ ਹੈ ਅਤੇ ਇੱਥੇ ਇਕ ਫੈਕਟਰੀ 'ਚ ਪ੍ਰੈੱਸ ਦਾ ਕੰਮ ਕਰਦਾ ਹੈ। ਜਿਸ ਦਾ ਆਧਾਰ ਕਾਰਡ ਵੀ ਇਥੋਂ ਦਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਕੇਂਦਰ ਨੇ ਰੋਕੀਆਂ ਪੰਜਾਬ ਦੀਆਂ 'ਮਾਲ ਗੱਡੀਆਂ', ਕਿਸਾਨਾਂ ਵੱਲੋਂ ਸਖ਼ਤ ਨਿਖੇਧੀ
ਇਹ ਕਹਾਣੀ ਆਈ ਸਾਹਮਣੇ
ਮੀਣਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜੋ ਕਹਾਣੀ ਸਾਹਮਣੇ ਆਈ ਹੈ, ਉਹ ਇਸ ਤਰ੍ਹਾਂ ਹੈ। ਰਾਘਵਿੰਦਰ ਦੇ ਕੋਈ ਬੇਟੀ ਨਹੀਂ ਸੀ। ਬੇਟੀ ਦੀ ਲਾਲਸਾ ਨੇ ਉਸ ਨੂੰ ਅਪਰਾਧੀ ਬਣਾ ਦਿੱਤਾ। 8 ਸਾਲ ਪਹਿਲਾਂ ਉਸ ਦਾ ਆਰਤੀ ਨਾਮਕ ਜਨਾਨੀ ਨਾਲ ਵਿਆਹ ਹੋਇਆ ਸੀ। ਉੁਸ ਦੇ ਇਕ ਬੇਟੀ ਹੋਈ ਪਰ ਡੇਢ ਸਾਲ ਬਾਅਦ ਉਹ ਮਰ ਗਈ। ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਇਸ ਦੌਰਾਨ ਆਰਤੀ ਵੀ ਉਸ ਨੂੰ ਛੱਡ ਕੇ ਚਲੀ ਗਈ। ਇਸ ਤੋਂ ਬਾਅਦ ਪੂਜਾ ਨਾਲ ਵਿਆਹ ਕਰਵਾਇਆ, ਜਿਸ ਨੇ ਇਕ ਬੇਟੇ ਨੂੰ ਜਨਮ ਦਿੱਤਾ। ਤਾਲਾਬੰਦੀ ਦੌਰਾਨ ਉਹ ਮੁੜ ਗਰਭਵਤੀ ਹੋਈ ਪਰ ਉਸਦਾ ਗਰਭਪਾਤ ਹੋ ਗਿਆ।
ਇਹ ਵੀ ਪੜ੍ਹੋ : ਕੈਪਟਨ ਦੀ ਰੈਲੀ 'ਚ ਸ਼ਾਮਲ ਕਾਂਗਰਸੀਆਂ ਨੇ ਚਲਾਈ ਗੋਲੀ, ਮਚੀ ਹਫੜਾ-ਦਫੜੀ
ਰਾਘਵਿੰਦਰ ਨੇ ਆਪਣੇ ਭਰਾ ਅਖਿਲੇਸ਼ ਤੋਂ ਉਸ ਦੀ ਬੇਟੀ ਸੋਨਮ ਨੂੰ ਗੋਦ ਲੈਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਬੇਟੀ ਪਾਉਣ ਦੀ ਚਾਹਤ ਉਸ ’ਤੇ ਇਸ ਕਦਰ ਸਵਾਰ ਹੋਈ ਕਿ ਉਸ ਨੇ ਸਿੱਧੀ ਨੂੰ ਅਗਵਾ ਕਰ ਲਿਆ। ਮਕਾਨ ਮਾਲਕ ਤਰਸੇਮ ਨੇ ਦੱਸਿਆ ਕਿ ਰਾਘਵਿੰਦਰ ਸ਼ਨੀਵਾਰ ਦੁਪਹਿਰ ਲਗਭਗ 3 ਵਜੇ ਬੱਚੀ ਨੂੰ ਸਾਈਕਲ ’ਤੇ ਆਪਣੇ ਨਾਲ ਲੈ ਕੇ ਆਇਆ ਸੀ, ਜਦ ਪੁੱਛਿਆ ਗਿਆ ਕਿ ਬੱਚੀ ਕੌਣ ਹੈ ਤਾਂ ਉਸ ਨੇ ਦੱਸਿਆ ਕਿ ਇਹ ਉਸ ਦੀ ਭਤੀਜੀ ਹੈ। ਇਸ ਦੌਰਾਨ ਬੱਚੀ ਨਾ ਤਾਂ ਰੋਈ ਨਾ ਕੁਝ ਦੱਸਿਆ। ਸਵੇਰੇ ਜਦ ਬੱਚੀ ਨੂੰ ਲੱਭਦੀ ਪੁਲਸ ਘਰ ਪੁੱਜੀ ਤਾਂ ਉਹ ਘਬਰਾ ਗਿਆ। ਜਿਸ ’ਤੇ ਜਾ ਕੇ ਪੁਲਸ ਨੂੰ ਦੱਸਿਆ ਕਿ ਰਾਘਵਿੰਦਰ ਨੇ 10 ਦਿਨ ਪਹਿਲਾਂ ਹੀ ਉਸ ਤੋਂ ਕਮਰਾ ਕਿਰਾਏ ’ਤੇ ਲਿਆ ਸੀ। ਕਮਰਾ ਦਿੰਦੇ ਸਮੇਂ ਉਸ ਨੇ ਪੂਰੇ ਪਰਿਵਾਰ ਦੀ ਮੋਬਾਇਲ ’ਤੇ ਫੋਟੋ ਖਿੱਚੀ ਅਤੇ ਉਸ ਦਾ ਆਧਾਰ ਕਾਰਡ ਵੀ ਲਿਆ।