ਜਾਨਲੇਵਾ ਹਮਲੇ ਦਾ ਭਗੌਡ਼ਾ ਦੋਸ਼ੀ ਅਡ਼ਿੱਕੇ
Monday, Jul 23, 2018 - 08:15 AM (IST)

ਮੋਗਾ (ਆਜ਼ਾਦ) - ਭਗੌਡ਼ੇ ਦੋਸ਼ੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਕੋਟ ਈਸੇ ਖਾਂ ਪੁਲਸ ਨੇ ਜਾਨਲੇਵਾ ਹਮਲੇ ਅਤੇ ਟਰੈਕਟਰ ਨੂੰ ਅੱਗ ਲਾ ਕੇ ਸਾਡ਼ਨ ਦੇ ਮਾਮਲੇ ’ਚ ਸ਼ਾਮਲ ਦੋਸ਼ੀ ਭਿੰਦਰ ਸਿੰਘ ਉਰਫ ਗੋਪੀ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਪਿੰਡ ਦੌਲੇਵਾਲਾ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧ ’ਚ ਪੂਰਨ ਸਿੰਘ ਉਰਫ ਪੰਨਾ ਨਿਵਾਸੀ ਪਿੰਡ ਦੌਲੇਵਾਲਾ ਦੇ ਬਿਆਨਾਂ ’ਤੇ ਭਿੰਦਰ ਸਿੰਘ ਉਰਫ ਗੋਪੀ, ਬਿੰਦਰ ਸਿੰਘ, ਗਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਦੌਲੇਵਾਲਾ ਅਤੇ ਹੋਰਨਾਂ ਖਿਲਾਫ ਜਾਨਲੇਵਾ ਹਮਲਾ ਕਰਨ ਅਤੇ ਟਰੈਕਟਰ ਨੂੰ ਅੱਗ ਲਾ ਕੇ ਸਾਡ਼ਨ ਦੇ ਇਲਾਵਾ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਪੂਰਨ ਸਿੰਘ ਨੇ ਕਿਹਾ ਸੀ ਕਿ ਦੋਸ਼ੀਆਂ ਖਿਲਾਫ ਪਿੰਡ ਦੌਲੇਵਾਲਾ ਨਿਵਾਸੀ ਸੁਖਦੇਵ ਸਿੰਘ ਪੁੱਤਰ ਤਾਰਾ ਸਿੰਘ ਵੱਲੋਂ ਮਾਮਲਾ ਦਰਜ ਕਰਵਾਇਆ ਸੀ ਅਤੇ ਅਸੀਂ ਸੁਖਦੇਵ ਸਿੰਘ ਦੀ ਮੱਦਦ ਕੀਤੀ ਸੀ, ਜਿਸ ਕਾਰਨ ਦੋਸ਼ੀ ਸਾਡੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ।
ਥਾਣਾ ਮੁਖੀ ਇੰਸਪੈਕਟਰ ਜੇ. ਜੇ. ਅਟਵਾਲ ਨੇ ਦੱਸਿਆ ਕਿ ਉਕਤ ਮਾਮਲੇ ’ਚ ਦੋਸ਼ੀ ਭਿੰਦਰ ਸਿੰਘ ਉਰਫ ਗੋਪੀ ਪੁਲਸ ਦੇ ਕਾਬੂ ਨਹੀਂ ਸੀ ਆ ਰਿਹਾ ਅਤੇ ਨਾ ਹੀ ਉਹ ਮਾਣਯੋਗ ਅਦਾਲਤ ’ਚ ਪੇਸ਼ ਹੋ ਰਿਹਾ ਸੀ। ਇਸ ਤਰ੍ਹਾਂ ਉਸਨੇ ਅਦਾਲਤ ਦੇ ਆਦੇਸ਼ਾਂ ਦੀ ਵੀ ਉਲੰਘਨਾ ਕੀਤੀ। ਜਦੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਪੁਲਸ ਪਾਰਟੀ ਸਹਿਤ ਇਲਾਕੇ ’ਚ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਦੇ ਅਾਧਾਰ ’ਤੇ ਉਕਤ ਮਾਮਲੇ ’ਚ ਭਗੌਡ਼ੇ ਦੋਸ਼ੀ ਭਿੰਦਰ ਸਿੰਘ ਗੋਪੀ ਨਿਵਾਸੀ ਪਿੰਡ ਦੌਲੇਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ ਮਾਣਯੋਗ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ, ਜਿਸਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਉਸਨੂੰ ਜੁਡੀਸ਼ੀਅਲ ਹਿਰਾਸਤ ਭੇਜਣ ਦਾ ਆਦੇਸ਼ ਦਿੱਤਾ।